ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 24 ਸਤੰਬਰ
ਸ਼ੁੱਕਰਵਾਰ ਤੜਕੇ 2 ਵਜੇ ਤੱਕ ਲੰਮੀ ਤੇ ਡੂੰਘੀ ਚਰਚਾ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ ਵਿੱਚ ਨਵੇਂ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਸ੍ਰੀ ਚੰਨੀ ਵੱਲੋਂ ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਇਹ ਮਨਜ਼ੂਰੀ ਮਿਲੀ ਹੈ। ਵੱਖ -ਵੱਖ ਮੰਤਰੀਆਂ ਦੇ ਵਿਭਾਗਾਂ ਦਾ ਵੀ ਫੈਸਲਾ ਕੀਤਾ ਗਿਆ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਅੱਜ ਤੜਕੇ ਚੰਡੀਗੜ੍ਹ ਲਈ ਰਵਾਨਾ ਹੋਏ। ਹੁਣ ਸੂਚੀ ਦੇ ਜਾਰੀ ਹੋਣ ਦੀ ਉਡੀਕ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਸੂਚੀ ਰਾਜਪਾਲ ਨੂੰ ਕਦੋਂ ਭੇਜੀ ਜਾਂਦੀ ਹੈ। ਨਵੇਂ ਮੰਤਰੀ ਸ਼ੁੱਕਰਵਾਰ ਸ਼ਾਮ ਜਾਂ ਸ਼ਨਿਚਰਵਾਰ ਸਵੇਰੇ ਸਹੁੰ ਚੁੱਕ ਸਕਦੇ ਹਨ। ਸੂਤਰਾਂ ਮੁਤਾਬਕ ਜਿਨ੍ਹਾਂ ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਉਨ੍ਹਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਨਾਭਾ, ਪ੍ਰਗਟ ਸਿੰਘ ਅਤੇ ਸੁਰਜੀਤ ਧੀਮਾਨ ਸ਼ਾਮਲ ਹਨ। ਕੈਪਟਨ ਮੰਤਰੀ ਮੰਡਲ ਦੇ ਸੱਤ ਮੰਤਰੀਆਂ ਦੀਆਂ ਕੁਰਸੀਆਂ ਬਚ ਗਈਆਂ ਹਨ।