ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਫਰਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੁਧਿਆਣਾ ’ਚ ਭਲਕੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਫਿਰੋਜ਼ਪੁਰ ਰੋਡ ਹਰਸ਼ਿਲਾ ਰਿਜ਼ੌਰਟ ਦਾ ਦੌਰਾ ਕੀਤਾ। ਇਸ ਰੈਲੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਆਨਲਾਈਨ ਰੈਲੀ ਰਾਹੀਂ ਦੁਪਹਿਰ 2 ਵਜੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾ ਸਕਦਾ ਹੈ। ਰਾਹੁਲ ਦੀ ਇਸ ਰੈਲੀ ਦਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਚੋਣ ਕਮਿਸ਼ਨ ਦੀਆਂ ਪਾਬੰਦੀਆਂ ਨੂੰ ਦੇਖਦੇ ਹੋਏ ਇਸ ਰੈਲੀ ’ਚ ਸਿਰਫ਼ ਇਕ ਹਜ਼ਾਰ ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ’ਚ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਆਨਲਾਈਨ ਰੈਲੀ ਕੀਤੀ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਚਿਹਰੇ ਦੀ ਦਾਅਵੇਦਾਰੀ ਠੋਕੀ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇਕਰ ਪੰਜਾਬ ਤੇ ਵਰਕਰ ਚਾਹੁੰਦੇ ਹਨ ਤਾਂ ਕਾਂਗਰਸ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਕਾਂਗਰਸ ਖੇਮੇ ਵਿੱਚ ਅੱਜ ਪੂਰਾ ਦਿਨ ਇਸੇ ਗੱਲ ਨੂੰ ਚਰਚਾ ਰਹੀ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਕਾਂਗਰਸ ’ਚ ਮੁੱਖ ਮੰਤਰੀ ਚਿਹਰੇ ਲਈ ਜਾਰੀ ਘਮਸਾਣ ਦਰਮਿਆਨ ਪਾਰਟੀ ਸੇਫ਼ ਗੇਮ ਖੇਡ ਸਕਦੀ ਹੈ। ਇਸ ’ਚ ਚਰਨਜੀਤ ਸਿੰਘ ਚੰਨੀ ਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਢਾਈ-ਢਾਈ ਸਾਲ ਮੁੱਖ ਮੰੰਤਰੀ ਦਾ ਚਿਹਰਾ ਬਣਾਇਆ ਜਾ ਸਕਦਾ ਹੈ।