ਚੰਡੀਗੜ੍ਹ, 24 ਨਵੰਬਰ
ਰੇਲ ਮੰਤਰਾਲੇ ਨੇ ‘ਦਿੱਲੀ ਚੱਲੋ’ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਦੇ ਨਰਮਾ ਪੱਟੀ ਵਿੱਚ ਮੁਸਾਫ਼ਰ ਗੱਡੀਆਂ ਚਲਾਉਣ ਤੋਂ ਪਾਸਾ ਵੱਟ ਲਿਆ ਹੈ। ਕਿਸਾਨ ਧਿਰਾਂ ਦਾ ਵੱਡਾ ਗੜ੍ਹ ਮਾਲਵਾ ਖਿੱਤੇ ਵਿੱਚ ਹੈ ਤੇ ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਨੂੰ ਡਰ ਸਤਾਉਣ ਲੱਗਾ ਹੈ ਕਿ ਕਿਤੇ ਕਿਸਾਨ ਮੁਸਾਫ਼ਰ ਗੱਡੀਆਂ ਰਾਹੀਂ ਦਿੱਲੀ ਨਾ ਪੁੱਜ ਜਾਣ। ਉਧਰ ਬਾਕੀ ਪੰਜਾਬ ਵਿੱਚ ਮਾਲ ਅਤੇ ਮੁਸਾਫ਼ਰ ਗੱਡੀਆਂ ਹੁਣ ਪੂਰੀ ਤਰ੍ਹਾਂ ਲੀਹ ’ਤੇ ਪੈ ਗਈਆਂ ਹਨ। ਇਕੱਲੇ ਜੰਡਿਆਲਾ ਗੁਰੂ-ਅੰਮ੍ਰਿਤਸਰ ਰੇਲ ਮਾਰਗ ’ਤੇ ਕਿਸਾਨਾਂ ਦੇ ਬੈਠਣ ਕਰਕੇ ਰੇਲਵੇ ਨੂੰ ਬਦਲਵੇਂ ਮਾਰਗਾਂ ਤੋਂ ਰੇਲ ਆਵਾਜਾਈ ਬਹਾਲ ਕਰਨੀ ਪਈ ਹੈ। ਅੰਮ੍ਰਿਤਸਰ ਲਈ ਸਿਰਫ ਦੋ ਗੱਡੀਆਂ ਹੀ ਬਦਲਵੇਂ ਰੂਟ ਜ਼ਰੀਏ ਬਹਾਲ ਹੋ ਸਕੀਆਂ ਹਨ।
ਵੇਰਵਿਆਂ ਅਨੁਸਾਰ ਰੇਲਵੇ ਵੱਲੋਂ ਪੰਜਾਬ ਵਿੱਚ ਕਰੀਬ ਇੱਕ ਦਰਜਨ ਮੁਸਾਫ਼ਰ ਗੱਡੀਆਂ ਚਲਾ ਦਿੱਤੀਆਂ ਗਈਆਂ ਹਨ ਅਤੇ ਚੰਡੀਗੜ੍ਹ ਵਿੱਚ ਵੀ ਅੱਜ ਰੇਲ ਆਵਾਜਾਈ ਬਹਾਲ ਹੋ ਗਈ। ਫਰੰਟੀਅਰ ਮੇਲ ਅਤੇ ਸ਼ਹੀਦ ਐਕਸਪ੍ਰੈੱਸ ਨੂੰ ਜੰਡਿਆਲਾ ਗੁਰੂ ਮਾਰਗ ਰੁਕੇ ਹੋਣ ਕਰਕੇ ਵਾਇਆ ਗੋਇੰਦਵਾਲ ਮਾਰਗ ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ। ਅੰਮ੍ਰਿਤਸਰ ਆਉਣ ਵਾਲੀਆਂ ਬਾਕੀ ਗੱਡੀਆਂ ਨੂੰ ਅੰਬਾਲਾ ਤੋਂ ਹੀ ਵਾਪਸ ਕੀਤਾ ਜਾ ਰਿਹਾ ਹੈ ਜਿਨ੍ਹਾਂ ’ਚ ਸੱਚਖੰਡ ਐਕਸਪ੍ਰੈੱਸ ਵੀ ਸ਼ਾਮਲ ਹੈ। ਪੰਜਾਬ ਵਿਚ ਅੱਜ ਮਾਲ ਗੱਡੀਆਂ ਦੇ 18 ਰੈਕ ਲੋਡ ਤੇ ਡੇਢ ਦਰਜਨ ਰੈਕ ਖਾਲੀ ਹੋਏ ਹਨ। ਨਵੰਬਰ ਮਹੀਨੇ ਵਿੱਚ ਅਨਾਜ ਦੇ ਇਕੱਲੇ 481 ਰੈਕ ਲੋਡ ਕਰਨ ਦੀ ਯੋਜਨਾ ਸੀ, ਜੋ ਰੇਲ ਆਵਾਜਾਈ ਬੰਦ ਹੋਣ ਕਰਕੇ ਸਿਰੇ ਨਹੀਂ ਚੜ੍ਹ ਸਕੀ। ਪੰਜਾਬ ’ਚੋਂ ਹੁਣ ਰੋਜ਼ਾਨਾ ਅਨਾਜ ਦੀ ਢੋਆ-ਢੁਆਈ ਹੋਵੇਗੀ। ਜੰਮੂ ਲਈ ਵੀ ਮੁਸਾਫ਼ਰ ਗੱਡੀਆਂ ਬਹਾਲ ਹੋ ਗਈਆਂ ਹਨ ਅਤੇ ਫਿਰੋਜ਼ਪੁਰ ਲਈ ਵੀ ਰੇਲਗੱਡੀਆਂ ਵਾਇਆ ਫਿਲੌਰ ਜਾਣ ਲੱਗੀਆਂ ਹਨ।
ਸੂਤਰਾਂ ਅਨੁਸਾਰ ਰੇਲ ਮੰਤਰਾਲੇ ਨੇ ਕਿਸਾਨ ਅੰਦੋਲਨ ਤੋਂ ਪਹਿਲਾਂ ਮਾਲਵੇ ਵਿਚ ਕੋਵਿਡ-19 ਕਰਕੇ ਬੰਦ ਪਈਆਂ ਤਿੰਨ ਗੱਡੀਆਂ ਚਲਾਉਣ ਦਾ ਫੈਸਲਾ ਕਰ ਲਿਆ ਸੀ, ਜਿਨ੍ਹਾਂ ਵਿਚ ਲਾਲਗੜ-ਗੁਹਾਟੀ ਵਾਇਆ ਬਠਿੰਡਾ, ਗੰਗਾਨਗਰ ਦਿੱਲੀ ਵਾਇਆ ਬਠਿੰਡਾ, ਕਿਸਾਨ ਐਕਸਪ੍ਰੈੱਸ ਦਿੱਲੀ ਬਠਿੰਡਾ ਸ਼ਾਮਲ ਹਨ। ਰੇਲ ਮਾਰਗ ਕਲੀਅਰ ਹੋਣ ਦੇ ਬਾਵਜੂਦ ਰੇਲਵੇ ਨੇ ਇਹ ਗੱਡੀਆਂ ਨਹੀਂ ਚਲਾਈਆਂ ਹਨ। ਫਿਰੋਜ਼ਪੁਰ-ਪਟਨਾ ਰੇਲਗੱਡੀ ਵੀ ਬਹਾਲ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਬੀਕਾਨੇਰ ਸਰਾਏ ਰੁਹੇਲਾ, ਪੰਜਾਬ ਮੇਲ ਅਤੇ ਆਭਾ ਤੂਫਾਨ ਤੋਂ ਇਲਾਵਾ ਗੰਗਾਨਗਰ ਨਾਂਦੇੜ ਗੱਡੀਆਂ ਵੀ ਅਜੇ ਤਕ ਬਹਾਲ ਨਹੀਂ ਹੋਈਆਂ। ਫਿਰੋਜ਼ਪੁਰ ਦਿੱਲੀ ਵਾਇਆ ਬਠਿੰਡਾ ਮੁਸਾਫ਼ਰ ਗੱਡੀਆਂ ਵੀ ਬੰਦ ਹਨ।
ਰੇਲ ਆਵਾਜਾਈ ਲੀਹ ’ਤੇ ਪਈ: ਡੀਆਰਐੱਮ
ਅੰਬਾਲਾ ਡਿਵੀਜ਼ਨ ਦੇ ਡੀਆਰਐੱਮ ਜੀ.ਐਮ.ਸਿੰਘ ਨੇ ਕਿਹਾ ਕਿ ਪੰਜਾਬ ਵਿਚ ਮਾਲ ਤੇ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਇੱਕਾ-ਦੁੱਕਾ ਮਾਰਗਾਂ ਨੂੰ ਛੱਡ ਕੇ ਮੁਕੰਮਲ ਰੂਪ ਵਿਚ ਬਹਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਾਲਵਾ ਇਲਾਕੇ ਵਿੱਚ ਰੇਲ ਬਹਾਲੀ ਲਈ ਉੱਤਰੀ ਰੇਲਵੇ ਦੇ ਦਫ਼ਤਰ ਨੂੰ ਤਜਵੀਜ਼ ਭੇਜੀ ਹੋਈ ਹੈ ਅਤੇ ਜਲਦੀ ਰੇਲ ਸੇਵਾ ਬਹਾਲ ਹੋ ਜਾਵੇਗੀ।
‘ਕੇਂਦਰ ਸਰਕਾਰ ਦਾ ਚਿਹਰਾ ਬੇਨਕਾਬ ਹੋਇਆ’
ਬੀਕੇਯੂ (ਸਿੱਧੂਪੁਰ) ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਮਾਲਵਾ ਇਲਾਕੇ ’ਚ ਮੁਸਾਫ਼ਰ ਗੱਡੀਆਂ ਨਾਲ ਚਲਾਏ ਜਾਣ ਤੋਂ ਕੇਂਦਰ ਸਰਕਾਰ ਦਾ ਚਿਹਰਾ ਬੇਪਰਦ ਹੋ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ?