ਆਤਿਸ਼ ਗੁਪਤਾ
ਚੰਡੀਗੜ੍ਹ, 4 ਮਈ
ਪੰਜਾਬ ਸਣੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਅੱਜ ਮੀਂਹ ਪੈਣ ਨਾਲ ਸਖ਼ਤ ਗਰਮੀ ਝੱਲ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਸੂਬੇ ਵਿਚ ਅੱਜ ਹਨੇਰੀ-ਝੱਖੜ ਝੁੱਲਣ ਦੇ ਨਾਲ ਪਏ ਤੇਜ਼ ਮੀਂਹ ਨੇ ਮੌਸਮ ਖ਼ੁਸ਼ਗਵਾਰ ਬਣਾ ਦਿੱਤਾ। ਕਈ ਥਾਈਂ ਗੜੇਮਾਰੀ ਵੀ ਹੋਈ। ਮੀਂਹ ਕਾਰਨ ਤਾਪਮਾਨ ਹੇਠਾਂ ਡਿਗਿਆ ਹੈ। ਅੱਜ ਸਵੇਰੇ ਪੰਜਾਬ ਦੇ ਪਟਿਆਲਾ, ਮੁਹਾਲੀ ਅਤੇ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਵਿੱਚ ਗੜੇਮਾਰੀ ਹੋਈ ਹੈ। ਜਦਕਿ ਫਤਿਹਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਮੁਕਤਸਰ, ਨਵਾਂ ਸ਼ਹਿਰ, ਸੰਗਰੂਰ, ਬਰਨਾਲਾ ਸਣੇ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਸਵੇਰੇ ਤੇਜ਼ ਹਨੇਰੀ ਤੋਂ ਬਾਅਦ ਮੀਂਹ ਪਿਆ ਹੈ। ਹਾੜ੍ਹੀ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਮੀਂਹ ਪੈਣ ਕਾਰਨ ਕਿਸਾਨ ਵੀ ਖ਼ੁਸ਼ ਹਨ। ਉਨ੍ਹਾਂ ਵੱਲੋਂ ਝੋਨੇ ਦੀ ਬਿਜਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਲਈ ਮੀਂਹ ਲਾਹੇਵੰਦ ਸਾਬਿਤ ਹੋ ਸਕਦਾ ਹੈ। ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਵੀ ਮੀਂਹ ਪੈਣ ਕਾਰਨ ਖ਼ੁਸ਼ ਹਨ। ਹਾਲਾਂਕਿ ਮੰਡੀਆਂ ਵਿੱਚ ਪੂਰੀ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਕਈ ਥਾਵਾਂ ’ਤੇ ਕਣਕ ਗਿੱਲੀ ਵੀ ਹੋ ਗਈ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਪਟਿਆਲਾ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ ਜੋ ਕਿ 38 ਐੱਮਐੱਮ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 6.2 ਐੱਮਐੱਮ, ਲੁਧਿਆਣਾ ਵਿੱਚ 3 ਐੱਮਐੱਮ, ਪਠਾਨਕੋਟ ਵਿੱਚ 9 ਐੱਮਐੱਮ, ਫਤਿਹਗੜ੍ਹ ਸਾਹਿਬ ਵਿੱਚ 22 ਐੱਮਐੱਮ, ਨਵਾਂ ਸ਼ਹਿਰ ਵਿੱਚ 30 ਐੱਮਐੱਮ, ਬਰਨਾਲਾ ਵਿੱਚ 4.5 ਐੱਮਐੱਮ, ਰੋਪੜ ’ਚ 5.5 ਐੱਮਐੱਮ, ਸੰਗਰੂਰ ’ਚ 3.5 ਐੱਮਐੱਮ ਮੀਂਹ ਪਿਆ ਹੈ। ਜਦਕਿ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਸਣੇ ਪੰਜਾਬ ਭਰ ਵਿੱਚ ਬੁੱਧਵਾਰ ਨੂੰ ਦਿਨ ਭਰ ਮੀਂਹ ਪੈਂਦਾ ਰਿਹਾ ਹੈ। ਅੱਜ ਮੀਂਹ ਪੈਣ ਕਰਕੇ ਸੂਬੇ ਵਿਚ ਤਾਪਮਾਨ ਵੀ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿਚ 3 ਐੱਮਐੱਮ, ਗੁਰੂਗਰਾਮ ਵਿੱਚ 1 ਐੱਮਐੱਮ, ਫਰੀਦਾਬਾਦ ਵਿੱਚ 2.5 ਐੱਮਐੱਮ, ਹਿਸਾਰ ਵਿੱਚ 1 ਐੱਮਐੱਮ, ਕਰਨਾਲ ਵਿੱਚ 27 ਐੱਮਐੱਮ, ਮਹੇਂਦਰਗੜ੍ਹ ਵਿੱਚ 3 ਐੱਮਐੱਮ ਅਤੇ ਕੈਥਲ ਵਿੱਚ ਇਕ ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਹਰਿਆਣਾ ਵਿੱਚ ਵੀ ਸਵੇਰ ਤੋਂ ਲਗਾਤਾਰ ਮੀਂਹ ਪੈਣ ਕਰਕੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀ ਸ਼ਿਵੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਮੌਨਸੂਨ ਤੈਅ ਸਮੇਂ ’ਤੇ ਆਉਣ ਦੀ ਉਮੀਦ ਹੈ।
ਪੰਜਾਬ ਨੂੰ ਮਿਲੀ ਬਿਜਲੀ ਸੰਕਟ ਤੋਂ ਰਾਹਤ
ਚੰਡੀਗੜ੍ਹ (ਟ੍ਰਿਬਿਊਨ ਿਨਊਜ਼ ਸਰਵਿਸ): ਮੌਸਮ ਦੇ ਬਦਲੇ ਮਿਜਾਜ਼ ਅਤੇ ਹਲਕੀ ਬਾਰਿਸ਼ ਪੈਣ ਕਾਰਨ ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਮਿਲੀ ਹੈ। ਲੰਘੇ ਕੱਲ੍ਹ ਮੌਸਮ ਨੇ ਤੇਵਰ ਬਦਲ ਲਏ ਸਨ ਜਿਸ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ। ਬੇਸ਼ੱਕ ਕੱਲ੍ਹ ਹੀ ਬਿਜਲੀ ਦੀ ਮੰਗ ਥੋੜ੍ਹੀ ਘਟ ਗਈ ਸੀ ਪਰ ਅੱਜ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਵਿੱਚ ਹੋਰ ਕਟੌਤੀ ਹੋ ਗਈ। ਪਾਵਰਕੌਮ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸੰਕਟ ਕਾਰਨ ਕਾਫ਼ੀ ਦਬਾਅ ਹੇਠ ਸੀ ਅਤੇ ਲੋਕਾਂ ਨੂੰ ਪਾਵਰ ਕੱਟ ਝੱਲਣੇ ਪੈ ਰਹੇ ਸਨ। ਜਾਣਕਾਰੀ ਅਨੁਸਾਰ ਬਾਰਿਸ਼ ਪੈਣ ਮਗਰੋਂ ਪੰਜਾਬ ਵਿੱਚ ਬਿਜਲੀ ਦੀ ਮੰਗ ਕਰੀਬ 7500 ਮੈਗਾਵਾਟ ਹੀ ਰਹਿ ਗਈ ਹੈ ਜੋ ਪਹਿਲਾਂ 9 ਹਜ਼ਾਰ ਮੈਗਾਵਾਟ ਸੀ। ਪਾਵਰਕੌਮ ਨੂੰ ਹੁਣ ਪੰਜਾਬ ’ਚੋਂ ਚਾਰ ਹਜ਼ਾਰ ਮੈਗਾਵਾਟ ਅਤੇ ਬਾਹਰੋਂ 3500 ਮੈਗਾਵਾਟ ਬਿਜਲੀ ਮਿਲ ਰਹੀ ਹੈ। ਬਿਜਲੀ ਦੀ ਮੰਗ ਹੇਠਾਂ ਆਉਣ ਕਾਰਨ ਖੇਤੀ ਸੈਕਟਰ ਨੂੰ ਹੁਣ ਪਾਵਰਕੌਮ ਨੇ ਅੱਠ-ਅੱਠ ਘੰਟੇ ਬਿਜਲੀ ਸਪਲਾਈ ਵੀ ਦੇ ਦਿੱਤੀ ਹੈ| ਕਿਸਾਨਾਂ ਨੇ ਮੀਂਹ ਪੈਣ ਕਾਰਨ ਰਾਹਤ ਮਹਿਸੂਸ ਕੀਤੀ ਹੈ| ਮੌਸਮ ਇਸੇ ਤਰ੍ਹਾਂ ਠੰਢਾ ਰਿਹਾ ਤਾਂ ਪਾਵਰਕੌਮ ਨੂੰ ਬਿਜਲੀ ਕੱਟ ਨਹੀਂ ਲਾਉਣੇ ਪੈਣਗੇ| ਉੱਧਰ, ਕੇਂਦਰ ਸਰਕਾਰ ਨੇ ਵੀ ਕੋਲੇ ਦੇ ਭੰਡਾਰ ਬਾਰੇ ਪੰਜਾਬ ਸਮੇਤ ਸਾਰੇ ਸੂਬਿਆਂ ਨਾਲ ਰਾਬਤਾ ਬਣਾਇਆ ਹੋਇਆ ਹੈ| ਹਰ ਸੂਬੇ ਤੋਂ ਕੋਲੇ ਦੇ ਭੰਡਾਰ ਅਤੇ ਮੰਗ ਬਾਰੇ ਵੇਰਵੇ ਲਏ ਜਾ ਰਹੇ ਹਨ|
ਰੋਪੜ ਤੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਦੋ ਯੂਨਿਟ ਬੰਦ ਕੀਤੇ
ਪਾਵਰਕੌਮ ਨੇ ਬਿਜਲੀ ਮੰਗ ਦੇ ਹਿਸਾਬ ਨਾਲ ਰੋਪੜ ਅਤੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਦੋ ਯੂਨਿਟ ਬੰਦ ਕਰ ਦਿੱਤੇ ਹਨ। ਬਾਕੀ ਤਾਪ ਬਿਜਲੀ ਘਰਾਂ ਨੂੰ ਬਿਜਲੀ ਮੰਗ ਦੇ ਲਿਹਾਜ਼ ਨਾਲ ਘੱਟ ਸਮਰੱਥਾ ’ਤੇ ਚਲਾਇਆ ਜਾ ਰਿਹਾ ਹੈ। ਇਸ ਵੇਲੇ ਰਾਜਪੁਰਾ ਥਰਮਲ ਦੇ ਦੋ ਯੂਨਿਟ, ਤਲਵੰਡੀ ਸਾਬੋ ਥਰਮਲ ਦੇ ਦੋ ਯੂਨਿਟ, ਰੋਪੜ ਤਾਪ ਬਿਜਲੀ ਘਰ ਦੇ ਦੋ ਯੂਨਿਟ, ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਤਿੰਨ ਯੂਨਿਟ ਅਤੇ ਗੋਇੰਦਵਾਲ ਤਾਪ ਬਿਜਲੀ ਘਰ ਦਾ ਇੱਕ ਯੂਨਿਟ ਚੱਲ ਰਿਹਾ ਹੈ। ਲੰਘੇ ਕੱਲ੍ਹ ਬਿਜਲੀ ਦੀ ਵੱਧ ਤੋਂ ਵੱਧ ਮੰਗ 9400 ਮੈਗਾਵਾਟ ਸੀ ਜਦਕਿ ਸਪਲਾਈ ਵੱਧ ਤੋਂ ਵੱਧ 2124 ਲੱਖ ਯੂਨਿਟ ਦਿੱਤੀ ਗਈ। ਪਿਛਲੇ ਵਰ੍ਹੇ ਇਸੇ ਦਿਨ ’ਤੇ ਨਜ਼ਰ ਮਾਰੀਏ ਤਾਂ ਬਿਜਲੀ ਦੀ ਵੱਧ ਤੋਂ ਵੱਧ ਮੰਗ 6700 ਮੈਗਾਵਾਟ ਸੀ ਜਦਕਿ ਸਪਲਾਈ 1523 ਲੱਖ ਯੂਨਿਟ ਦਿੱਤੀ ਗਈ ਸੀ।