ਜੋਗਿੰਦਰ ਸਿੰਘ ਮਾਨ
ਮਾਨਸਾ 21 ਜੁਲਾਈ
ਰਾਤ ਭਰ ਤੋਂ ਪੈਣ ਲੱਗੇ ਦਰਮਿਆਨੇ ਅਤੇ ਭਾਰੀ ਮੀਂਹ ਨੇ ਪ੍ਰਸ਼ਾਸਨ ਦੇ ਸਭ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਥੇ ਨੀਵੇ ਇਲਾਕਿਆਂ ਸਮੇਤ ਮਾਨਸਾ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਣੀ ਭਰ ਗਿਆ ਹੈ, ਜਦੋਂ ਮੌਸਮ ਮਹਿਕਮੇ ਵੱਲੋਂ ਹੋਰ ਮੀਂਹ ਦੀ ਦਿੱਤੀ ਚਿਤਾਵਨੀ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਪਤਾ ਦੇ ਘਰ ਦੀ ਬਾਹਰਲੀ ਕੰਧ ਨੂੰ ਤੋੜਕੇ ਪਾਣੀ ਅੰਦਰ ਘਰ ਵਿਚ ਪ੍ਰਵੇਸ਼ ਕਰ ਗਿਆ ਹੈ। ਇਸੇ ਤਰ੍ਹਾਂ ਅੱਜ ਸਵੇਰੇ ਮੀਂਹ ਨੇ ਸਾਰੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਜ਼ਿਲ੍ਹਾ ਕਚਹਿਰੀਆਂ ਨੂੰ ਜਾਂਦੀ ਵੀਆਈਪੀ ਸੜਕ ਉਪਰ ਭਾਰੀ ਮਾਤਰਾ ਵਿੱਚ ਪਾਣੀ ਖੜ੍ਹਾ ਦਿੱਤਾ ਹੈ, ਜਿਸ ਕਾਰਨ ਲੰਘਣਾਂ ਟੱਪਣਾ ਬਹੁਤ ਔਖਾ ਹੋ ਗਿਆ ਹੈ। ਮੀਂਹ ਕਾਰਨ ਸ਼ਹਿਰ ਦੇ ਮੁੱਖ ਬਜ਼ਾਰ ਨਹੀਂ ਖੁੱਲ ਸਕੇ, ਬੱਸ ਅੱਡੇ ਵਿੱਚ ਪਾਣੀ ਭਰ ਗਿਆ ਹੈ, ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਿਊਟੀ ਉਪਰ ਜਾਣ ਦੀ ਵੱਡੀ ਦਿੱਕਤ ਆਈ ਹੈ। ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਵੱਡੀ ਸੱਮਸਿਆ ਖੜ੍ਹੀ ਹੋ ਗਈ ਹੈ।
ਇਸੇ ਤਰ੍ਹਾਂ ਜੰਗਲਾਤ ਵਿਭਾਗ ਦੇ ਦਫ਼ਤਰ ਵਿਚ ਭਾਰੀ ਪਾਣੀ ਜਾ ਵੜਿਆ ਹੈ, ਬੈਠਣ ਖੜਨ ਲਈ ਥਾਂ ਨਹੀਂ ਬਚੀ ਹੈ।
ਸਿਰਸਾ(ਪ੍ਰਭੂ ਦਿਆਲ): ਲੰਘੀ ਰਾਤ ਤੋਂ ਸ਼ੁਰੂ ਹੋਈ ਸਾਵਣ ਦੀ ਝੜੀ ਜਾਰੀ ਹੈ। ਭਾਰੀ ਮੀਂਹ ਪੈਣ ਨਾਲ ਜਿਥੇ ਸ਼ਹਿਰ ਦੀਆਂ ਨੀਵੀਆਂ ਕਲੋਨੀਆਂ ’ਚ ਪਾਣੀ ਭਰ ਗਿਆ ਹੈ, ਉਥੇ ਹੀ ਨਰਮੇ ਤੇ ਸਬਜ਼ੀਆਂ ਦੀ ਫ਼ਸਲ ਨੂੰ ਵੀ ਨੁਕਸਾਨ ਹੋਇਆ ਹੈ, ਜਦੋਂਕਿ ਝੋਨੇ ਦੀ ਫ਼ਸਲ ਲਈ ਮੀਂਹ ਕਾਫੀ ਫਾਇਦੇਮੰਦ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਮੀਂਹ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਨਾਲ ਸ਼ਹਿਰ ਦੀਆਂ ਨੀਵੀਆਂ ਕਾਲੋਨੀਆਂ ’ਚ ਪਾਣੀ ਭਰ ਗਿਆ ਹੈ। ਪਾਣੀ ਦੀ ਨਿਕਾਸੀ ਦੇ ਕੀਤੇ ਜਾਂਦੇ ਪ੍ਰਸ਼ਾਸਨਿਕ ਦਾਅਵਿਆਂ ਦੀ ਸਾਵਣ ਦੀ ਪਹਿਲੀ ਝੜੀ ਨੇ ਹੀ ਪੋਲ ਖੋਲ੍ਹ ਦਿੱਤੀ ਹੈ। ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਬਾਜ਼ਾਰ ਜਿਥੇ ਪਾਣੀ ਨਾਲ ਭਰੇ ਹੋਏ ਹਨ, ਉਥੇ ਹੀ ਕਈ ਦੁਕਾਨਾਂ ਦੇ ਅੰਦਰ ਵੀ ਪਾਣੀ ਦਾਖ਼ਲ ਹੋ ਗਿਆ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਦਰਮਿਆਨੇ ਅਤੇ ਭਾਰੀ ਮੀਂਹ ਨੇ ਪ੍ਰਸ਼ਾਸਨ ਦੇ ਸਭ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸਹਿਰ ਦੇ ਅੱਧੇ ਵਾਰਡਾਂ ਨੂੰ ਆਪਸ ਵਿੱਚ ਜੋੜਦੇ ਇੱਕਲੌਤੇ ਰੇਲਵੇ ਜਮੀਨਦੋਜ਼ ਪੁਲ ’ਚ 12 ਫੁੱਟ ਪਾਣੀ ਭਰਨ ਅਤੇ ਪੁਰਾਣੀ ਗਊਸ਼ਾਲਾ ਰੋਡ,ਐੱਸਡੀਐੱਮ ਦਫਤਰ, ਮੁੱਖ ਬਾਜ਼ਾਰ ਅਤੇ ਹੋਰ ਨੀਵੇਂ ਇਲਾਕਿਆਂ ਸਮੇਤ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਣੀ ਭਰ ਗਿਆ ਹੈ। ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੇ ਟੋਇਆਂ ’ਚ ਕਈ ਵਾਹਨ ਧੱਸਣ ਕਰਕੇ ਵਾਹਨ ਨੁਕਸਾਨੇ ਗਏ। ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਹਰੀ ਰਾਮ ਭੱਟੀ ਨੇ ਦੱਸਿਆ ਕਿ ਜ਼ਮੀਨਦੋਜ਼ ਪੁਲ ’ਚੋਂ ਪਾਣੀ ਕੱਢਣ ਲਈ ਤਿੰਨ ਵੱਡੇ ਨਿਕਾਸੀ ਪੰਪ, ਟਰੈਕਟਰ ਅਤੇ ਸੜਕਾਂ ਦੀ ਸਫਾਈ ਤੇ ਪਾਣੀ ਕੱਢਣ ਲਈ ਜੇਸੀਬੀ ਮਸ਼ੀਨਾਂ ਲਗਾਈਆਂ ਗਈਆ ਹਨ।