ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਨਵੰਬਰ
ਖੰਡਾਗੋਸ (ਪੱਛਮੀ ਬੰਗਾਲ) ਵਿੱਚ 18 ਨਵੰਬਰ 1910 ਨੂੰ ਜਨਮੇ ਬਟੁਕੇਸ਼ਵਰ ਦੱਤ ਦੇ ਜਨਮ ਦਿਹਾੜੇ ਮੌਕੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਉਨ੍ਹਾਂ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਨਿਭਾਈ ਇਤਿਹਾਸਕ ਭੂਮਿਕਾ ਨੂੰ ਸਿਜਦਾ ਕੀਤਾ। ਉਨ੍ਹਾਂ ਦੇ ਰਾਹਾਂ ਦੀ ਅਧੂਰੀ ਵਾਟ ਪੂਰੀ ਕਰਨ ਤੁਰੇ ਕਾਫ਼ਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਮੇਟੀ ਨੇ ਅਹਿਦ ਲਿਆ ਕਿ ਪੰਜਾਬ, ਬੰਗਾਲ, ਮਹਾਰਾਸ਼ਟਰ, ਯੂਪੀ ਅਤੇ ਕਸ਼ਮੀਰ ਆਦਿ ਸਭਨਾਂ ਖੇਤਰਾਂ ਦੇ ਇਨਕਲਾਬੀਆਂ ਵੱਲੋਂ ਆਜ਼ਾਦੀ ਸੰਗਰਾਮ ਦੇ ਸਾਂਝੇ ਇਤਿਹਾਸ ’ਚ ਪਾਏ ਯੋਗਦਾਨ ਨੂੰ ਸਲਾਮਤ ਰੱਖਿਆ ਜਾਏਗਾ।
ਜ਼ਿਕਰਯੋਗ ਹੈ ਕਿ ਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੇ 8 ਅਪਰੈਲ 1929 ਨੂੰ ਕਾਲ਼ੇ ਕਾਨੂੰਨਾਂ ਖਿਲਾਫ਼ ਬੰਬ ਧਮਾਕਾ ਕਰਕੇ ‘ਸਾਮਰਾਜਵਾਦ ਮੁਰਦਾਬਾਦ’, ਇਨਕਲਾਬ-ਜ਼ਿੰਦਾਬਾਦ’ ਨਾਅਰੇ ਮਾਰਦਿਆਂ ਗ੍ਰਿਫ਼ਤਾਰੀ ਦਿੱਤੀ ਸੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਬਟੁਕੇਸ਼ਵਰ ਦੱਤ ਨੇ ਕਾਲ਼ੇ ਪਾਣੀ ਦੀ ਜੇਲ੍ਹ ’ਚ ਲੰਮੀ ਭੁੱਖ ਹੜਤਾਲ ਰੱਖ ਕੇ ਅਤੇ ਅਥਾਹ ਤਸੀਹੇ ਝੱਲ ਕੇ ਕਾਲ਼ ਕੋਠੜੀਆਂ, ਕਾਲ਼ੇ ਕਾਨੂੰਨਾਂ ਖਿਲਾਫ਼ ਆਖ਼ਰੀ ਦਮ ਤੱਕ ਸੰਘਰਸ਼ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ ’ਤੇ ਲਿਖੀਆਂ ਮੰਗਾਂ ਦੇ ਪੱਖ ’ਚ ਹਜ਼ਾਰਾਂ ਲੋਕਾਂ ਵੱਲੋਂ ਦਸਤਖ਼ਤ ਕਰਕੇ ਉਠਾਈ ਆਵਾਜ਼ ਨੂੰ ਅੱਜ ਦੱਤ ਦੇ ਜਨਮ ਦਿਹਾੜੇ ਮੌਕੇ ਬੁਲੰਦ ਕਰਦਿਆਂ ਜੱਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ ਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।