ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੁਲਾਈ
ਸਨਅਤੀ ਸ਼ਹਿਰ ’ਚ ਸਥਿਤ ਗੁਰੂ ਅੰਗਦ ਦੇਵ ਵੈੱਟਨਰੀ ਸਾਈਂਸ ਯੂਨੀਵਰਸਿਟੀ (ਗਡਵਾਸੂ) ਵਿੱਚ ਅੱਜ ਵਿਦਿਆਰਥੀ ਨੂੰ ਮਿਲਣ ਲਈ ਪੁੱਜੇ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੁਹੱਲਾ ਕਲੀਨਿਕਾਂ ’ਤੇ ਚੁੱਕੇ ਸਵਾਲਾਂ ’ਤੇ ਜਵਾਬ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਦੀਆਂ ਗੱਲਾਂ ’ਤੇ ਜ਼ਿਆਦਾ ਗੌਰ ਕਰਨ ਦੀ ਲੋੜ ਨਹੀਂ। ਉਨ੍ਹਾਂ ਨੇ ਤਾਂ ਆਪਣੀ ਹੀ ਪਾਰਟੀ ਨੂੰ ਖਤਮ ਕਰ ਦਿੱਤਾ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਜਦੋਂ ਤੋਂ ਰਾਜਾ ਵੜਿੰਗ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਹਨ, ਉਦੋਂ ਤੋਂ ਪਾਰਟੀ ਦੇ ਸਾਬਕਾ ਮੰਤਰੀ ਤੇ ਵਿਧਾਇਕ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਇੱਕ ਨਹੀਂ ਰੱਖ ਸਕਦਾ, ਉਹ ਕੁਝ ਵੀ ਨਹੀਂ ਕਰ ਸਕਦਾ।
ਜ਼ਿਕਰਯੋਗ ਹੈ ਕਿ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ‘ਆਪ’ ਵੱਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ’ਤੇ ਸਵਾਲ ਚੁੱਕੇ ਸਨ ਕਿ ਸੂਬਾ ਸਰਕਾਰ ਨੇ ਮੁਹੱਲਾ ਕਲੀਨਿਕਾਂ ’ਤੇ ਸਾਰਾ ਪੈਸਾ ਕੇਂਦਰ ਸਰਕਾਰ ਦਾ ਖ਼ਰਚ ਕਰਨਾ ਹੈ ਤੇ ਮਸ਼ਹੂਰੀ ਆਪਣੀ ਕਰਨੀ ਹੈ। ਮੁਲਾਜ਼ਮਾਂ ਪੱਕੇ ਕਰਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮ ਮਾਪਦੰਡ ਪੂਰੇ ਕਰਨਗੇ, ਉਨ੍ਹਾਂ ਨੂੰ ਜ਼ਰੂਰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਹਿਲੀ ਅਗਸਤ ਤੋਂ ਸਾਰੀਆਂ ਸਰਕਾਰੀ ਬੱਸਾਂ ’ਤੇ ਜੀਪੀਐੱਸ ਲਗਾਏ ਜਾਣਗੇ, ਜਿਸ ਨਾਲ ਸਵਾਰੀਆਂ ਨੂੰ ਵੀ ਸਹੂਲਤ ਹੋਵੇਗੀ ਤੇ ਵਿਭਾਗ ਨੂੰ ਹੋਦ ਵਾਲਾ ਨੁਕਸਾਨ ਵੀ ਘਟੇਗਾ।