ਜਗਰਾਉਂ: ਮਹਾਪੰਚਾਇਤ ਤੋਂ ਬਾਅਦ ਸਟੇਜ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਗੂਆਂ ’ਚ ਮੱਤਭੇਦਾਂ ਬਾਰੇ ਪੁੱਛੇ ਗਏ ਸਵਾਲਾਂ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਉਹ ਸਾਰੇ ਇੱਕ ਹਨ ਅਤੇ ਉਨ੍ਹਾਂ ’ਚ ਨਾ ਕੋਈ ਮੱਤਭੇਦ ਹੈ ਤੇ ਨਾ ਹੀ ਇਹ ਉਪਜ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਇੱਕੋ-ਇੱਕ ਨਿਸ਼ਾਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਉਨ੍ਹਾਂ ਆਖਿਆ ਕਿ ਮੋਦੀ ਦੀਆਂ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਸਾਰੀਆਂ ਚਾਲਾਂ ਦਾ ਭੋਗ ਪੈ ਗਿਆ ਹੈ। ‘ਮੋਦੀ ਦੇ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਅਸੀਂ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੇ ਸਾਰੇ ਭਰਮ ਦੂਰ ਕਰ ਚੁੱਕੇ ਹਾਂ, ਹੁਣ ਤਾਂ ਉਨ੍ਹਾਂ ਕੋਲ ਕਾਨੂੰਨਾਂ ਨੂੰ ਰੱਦ ਕਰਨ ਦਾ ਹੀ ਰਾਹ ਬਚਦਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ 26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨ ’ਚ ਆਈ ਖੜੋਤ ਮਗਰੋਂ ਹੁਣ ਇਸ ਅੰਦੋਲਨ ਨੇ ਮੁੜ ਸਿਖਰਾਂ ਨੂੰ ਛੂਹ ਲਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਾਏ ਗਏ ਮਤਿਆਂ ਨੇ ਵੱਡਾ ਕੰਮ ਕੀਤਾ ਹੈ। ‘ਹੁਣ ਹਰ ਪਿੰਡ ਤੋਂ ਕਿਸਾਨ ਤੇ ਮਜ਼ਦੂਰ ਟਰਾਲੀਆਂ ਰਾਹੀਂ ਵਾਰੀ ਬੰਨ੍ਹ ਕੇ ਦਿੱਲੀ ਬਾਰਡਰਾਂ ਤੇ ਪੁੱਜ ਰਹੇ ਹਨ ਜੋ ਜਿੱਤ ਦਾ ਸੰਕੇਤ ਹੈ।’ ਰਾਜੇਵਾਲ ਨੇ ਆਖਿਆ ਕਿ 26 ਜਨਵਰੀ ਨੂੰ ਲਾਪਤਾ ਹੋਏ ਕਿਸਾਨਾਂ ਅਤੇ ਟਰੈਕਟਰਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ’ਚ ਡੱਕੇ ਕਿਸਾਨਾਂ ਲਈ ਅਦਾਲਤੀ ਪ੍ਰਕਿਰਿਆ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹਰਿੰਦਰ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ, ਪ੍ਰੀਤਮ ਅਖਾੜਾ, ਪਵਿੱਤਰ ਕੌਰ, ਮਨਜੀਤ ਧਨੇਰ ਆਦਿ ਆਗੂ ਹਾਜ਼ਰ ਸਨ।