ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜਨਵਰੀ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਕਈ ਹੋਰਾਂ ਦੇ ਕਤਲ ਕੇਸ ’ਚ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੇ 5 ਜਨਵਰੀ ਨੂੰ ਫਿਰੋਜ਼ਪੁਰ ਚੋਣ ਰੈਲੀ ’ਚ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪਣੇ ਸਮੇਤ ਜੇਲ੍ਹਾਂ ’ਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਸਿੱਖ ਬੰਦੀਆਂ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ। ਛਾਤੀ ’ਚ ਦਰਦ ਕਾਰਨ ਰਾਜੋਆਣਾ ਨੂੰ ਅੱਜ ਪਟਿਆਲਾ ਜੇਲ੍ਹ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਰਾਜੋਆਣਾ ਦਾ ਕਹਿਣਾ ਸੀ ਕਿ ਸਿੱਖਾਂ ਨਾਲ ਹਰ ਵੇਲੇ ਬੇਇਨਸਾਫ਼ੀ ਕੀਤੀ ਜਾਂਦੀ ਰਹੀ ਹੈ ਕਿਉਂਕਿ ਅੱਜ ਤੱਕ ਸਿੱਖਾਂ ਦਾ ਕੋਈ ਵੀ ਕਾਤਲ ਲੰਬਾ ਸਮਾਂ ਜੇਲ੍ਹ ’ਚ ਨਹੀਂ ਰਿਹਾ। ਜਦਕਿ ਸਿੱਖਾਂ ਬੰਦੀਆਂ ਨੂੰ ਬਣਦੀਆਂ ਸਜ਼ਾਵਾਂ ਤੋਂ ਵੀ ਦੁੱਗਣੇ ਸਮੇਂ ਤੱਕ ਜੇਲ੍ਹਾਂ ’ਚ ਡੱਕਣ ਦੇ ਕਈ ਮਾਮਲੇ ਸਾਹਮਣੇ ਹਨ। ਉਹ ਖੁਦ ਹੀ 27 ਸਾਲਾਂ ਤੋਂ ਜੇਲ੍ਹ ’ਚ ਬੰਦ ਹਨ। ਇਸ ਦਾ ਕਾਰਨ ਜਾਣਨ ਲਈ ਉਸ ਵੱਲੋਂ ਲਿਖੇ ਗਏ ਪੱਤਰਾਂ ਦਾ ਵੀ ਦੇਸ਼ ਦੀ ਹਕੂਮਤ ਅਤੇ ਰਾਸ਼ਟਰਪਤੀ ਨੇ ਜਵਾਬ ਤੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਆਪਣੀ ਹੀ ਨਹੀਂ, ਬਲਕਿ ਜੇਲ੍ਹਾਂ ’ਚ ਡੱਕੇ ਸਮੂਹ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦੇਸ਼ ਦੇ ਹਾਕਮਾਂ ਦੇ ਮਨ ’ਚ ਥੋੜ੍ਹੀ ਜਿਹੀ ਵੀ ਇਨਸਾਨੀਅਤ ਬਚੀ ਹੈ ਤਾਂ ਉਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸਰਕਾਰ ਤੋਂ ਭੀਖ ਨਹੀਂ ਮੰਗ ਰਹੇ ਬਲਕਿ ਦੇਸ਼ ਦੇ ਸੰਵਿਧਾਨ ਮੁਤਾਬਿਕ ਹੀ ਰਿਹਾਈ ਦੀ ਮੰਗ ਕਰ ਰਹੇ ਹਨ।