ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 5 ਨਵੰਬਰ
ਇੱਥੋਂ ਦੇ ਵਾਰਡ ਨੰ. 26 ਦੀ ਪੁਰਾਣੀ ਮਿਰਚ ਮੰਡੀ ਅਤੇ ਢੇਹਾ ਬਸਤੀ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਫੈਲੇ ਡਾਇਰੀਆ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਦਸ ਹੋਰ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਬੱਚਿਆਂ ਵਿੱਚ ਸ਼ਿਵਾਨੀਆ (5), ਸ਼ਾਕਸ਼ੀ (5), ਰਮਨ (9) ਅਤੇ ਚਾਹਤ (13) ਸ਼ਾਮਲ ਹਨ। ਬਿਮਾਰ ਹੋਣ ਕਾਰਨ ਜੈ (28), ਅਰੁਣ (7), ਆਰੂਸ਼ੀ (5), ਜਸਮੀਤ (6), ਸੁਨੈਨਾ (6) ਤੇ ਮਿਸ਼ਰਤ (18) ਨੂੰ ਸਿਵਲ ਹਸਪਤਾਲ ਅਤੇ ਵੰਦਨਾ (7), ਵਿਸ਼ਾਲ (4) ਕਾਹਨਾ (6) ਤੇ ਪ੍ਰਿੰਸ (6) ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮ੍ਰਿਤਕ ਬੱਚਿਆਂ ਦੇ ਮਾਪੇ ਮਜ਼ਦੂਰ ਹਨ ਅਤੇ ਕਬਾੜ ਦਾ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਤੋਰਦੇ ਹਨ।
ਜਾਣਕਾਰੀ ਅਨੁਸਾਰ ਦੀਵਾਲੀ ਦੇ ਦਿਨ ਪੁਰਾਣੀ ਮਿਰਚ ਮੰਡੀ ਅਤੇ ਢੇਹਾ ਬਸਤੀ ਦੇ ਬੱਚਿਆਂ ਨੂੰ ਉਲਟੀ ਤੇ ਦਸਤ ਲੱਗਣ ਦੀ ਸ਼ਿਕਾਇਤ ਹੋਣ ’ਤੇ ਮਾਪਿਆਂ ਨੇ ਨੇੜਲੇ ਕਿਸੇ ਪ੍ਰਾਈਵੇਟ ਡਾਕਟਰ ਤੋਂ ਦਵਾਈ ਦੁਆ ਦਿੱਤੀ। ਬੱਚਿਆਂ ਦੇ ਡਾਇਰੀਆ ਦੀ ਗ੍ਰਿਫ਼ਤ ਵਿੱਚ ਆਉਣ ਬਾਰੇ ਜਾਣਕਾਰੀ ਮਿਲਣ ’ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਅਮਨਦੀਪ ਸਿੰਘ ਨਾਗੀ ਅਤੇ ਡਾਕਟਰਾਂ ਦੀ ਟੀਮ ਸਬੰਧਤ ਕਲੋਨੀਆਂ ਵਿੱਚ ਪੁੱਜੀ। ਇਹ ਦੋਵੇਂ ਕਲੋਨੀਆਂ ਨਗਰ ਕੌਂਸਲ ਦੇ ਵਾਰਡ ਨੰਬਰ 26 ਵਿੱਚ ਆਉਂਦੀਆਂ ਹਨ। ਇਨ੍ਹਾਂ ਕਲੋਨੀਆਂ ਵਿੱਚ ਨਗਰ ਕੌਂਸਲ ਵੱਲੋਂ ਸੀਵਰੇਜ ਜਾਂ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਨਹੀਂ ਪਾਈ ਗਈ। ਲੋਕਾਂ ਨੇ ਪੀਣ ਦੇ ਪਾਣੀ ਲਈ ਨੇੜਿਓਂ ਲੰਘਦੀ ਲਾਈਨ ਵਿੱਚੋਂ ਆਪ ਹੀ ਟੁੱਟੀਆਂ ਦੇ ਕੁਨੈਕਸ਼ਨ ਜੋੜੇ ਹੋਏ ਹਨ।
ਐੱਸ.ਐੱਮ.ਓ. ਰਾਜਪੁਰਾ ਡਾ. ਜਗਪਾਲ ਇੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਬਾਅਦ ਦੁਪਹਿਰ ਉਨ੍ਹਾਂ ਨੂੰ ਵਾਰਡ ਦੇ ਕੌਂਸਲਰ ਤੋਂ ਬੱਚਿਆਂ ਦੇ ਬਿਮਾਰ ਹੋਣ ਸਬੰਧੀ ਸੂਚਨਾ ਮਿਲੀ ਸੀ। ਇਸ ’ਤੇ ਉਨ੍ਹਾਂ ਤੁਰੰਤ ਮੈਡੀਕਲ ਟੀਮ ਮੌਕੇ ’ਤੇ ਭੇਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਗਰ ਕੌਂਸਲ ਵੱਲੋਂ ਕਲੋਨੀਆਂ ਵਿੱਚ ਪਾਣੀ ਦੀ ਸਪਲਾਈ ਬੰਦ ਕਰਵਾ ਕੇ ਲੋਕਾਂ ਨੂੰ ਟੈਂਕਰਾਂ ਦਾ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ ਅਤੇ ਡਾਇਰੀਆ ਦੇ ਸ਼ੱਕੀ ਮਰੀਜ਼ਾਂ ਦੇ ਮਲ ਅਤੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਰਿਪੋਰਟ ਮਿਲਣ ’ਤੇ ਮ੍ਰਿਤਕ ਬੱਚਿਆਂ ਦੀ ਮੌਤ ਦੇ ਸਹੀ ਕਾਰਨਾਂ ਬਾਰੇ ਸਹੀ ਪਤਾ ਚਲ ਸਕੇਗਾ।
ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਡਾਇਰੀਆ ਕਾਰਨ ਹੋਈ ਹੈ। ਇਸੇ ਦੌਰਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਬੱਚਿਆਂ ਨੂੰ ਮਿਲਣ ਲਈ ਪੁੱਜੇ ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਦੂਸ਼ਿਤ ਪਾਣੀ ਕਾਰਨ ਹੋਈ ਬੱਚਿਆਂ ਦੀ ਮੌਤ ਸਬੰਧੀ ਮਾਮਲੇ ਦੀ ਜਾਂਚ ਮੌਜੂਦਾ ਜੱਜ ਤੋਂ ਕਰਵਾ ਕੇ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।