ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 4 ਅਪਰੈਲ
ਮੁੱਖ ਅੰਸ਼
- ਤੇਲ ਕੀਮਤਾਂ ਦੇ ਮੁੱਦੇ ’ਤੇ ਦੋਵਾਂ ਸਦਨਾਂ ’ਚ ਹੰਗਾਮਾ
ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਚੰਡੀਗੜ੍ਹ ’ਤੇ ਦਾਅਵੇਦਾਰੀ ਨੂੰ ਲੈ ਕੇ ਪੰਜਾਬ ਅਸੈਂਬਲੀ ਵਿੱਚ ਪਾਸ ਮਤੇ ’ਤੇ ਅੱਜ ਸਦਨ ਵਿੱਚ ਚਰਚਾ ਕਰਵਾਉਣ ਤੋਂ ਨਾਂਹ ਕਰ ਦਿੱੱਤੀ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਨੋਟਿਸ ਦੇ ਕੇ ਸਿਫ਼ਰ ਕਾਲ ਦੌਰਾਨ ਇਸ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਸੀ।
ਨਾਇਡੂ ਨੇ ਕਿਹਾ, ‘‘ਮੈਨੂੰ ਦੀਪੇਂਦਰ ਸਿੰਘ ਹੁੱਡਾ ਵੱਲੋਂ ਨੋਟਿਸ ਪ੍ਰਾਪਤ ਹੋਇਆ ਹੈ, ਜਿਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਪੰਜਾਬ ਨੂੰ ਦੇਣ ਸਬੰਧੀ (ਪੰਜਾਬ) ਅਸੈਂਬਲੀ ਵਿੱਚ ਪਾਸ ਮਤੇ ’ਤੇ ਵਿਚਾਰ ਚਰਚਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਮੰਗ ਨੂੰ ਅਸਵੀਕਾਰ ਕੀਤਾ ਜਾਂਦਾ ਹੈ।’’ ਨਾਇਡੂ ਨੇ ਡੀਐੱਮਕੇ ਮੈਂਬਰ ਤਿਰੁਚੀ ਸ਼ਿਵਾ ਤੇ ਕਾਂਗਰਸ ਪਾਰਟੀ ਦੇ ਕੇ.ਸੀ.ਵੇਣੁੂਗੋਪਾਲ ਵੱਲੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਦੇ ਮੁੱਦੇ ’ਤੇ ਚਰਚਾ ਲਈ ਦਿੱਤੇ ਨੋਟਿਸ ਨੂੰ ਵੀ ਰੱਦ ਕਰ ਦਿੱਤਾ। ਚੇਅਰਮੈਨ ਨੇ ਕਿਹਾ ਕਿ ਨਮਿੱਤਣ ਬਿੱਲ ’ਤੇ ਚਰਚਾ ਦੌਰਾਨ ਪਹਿਲਾਂ ਹੀ ਇਸ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਜਾ ਚੁੱਕੀ ਹੈ। ਨਾਇਡੂ ਨੇ ਕਿਹਾ, ‘‘ਤੁਹਾਡੇ ਕੋਲ ਮੌਕਾ ਸੀ…267 ਢੁੱਕਵਾਂ ਨੇਮ ਨਹੀਂ ਹੈ। ਲਿਹਾਜ਼ਾ ਇਨ੍ਹਾਂ ਨੋਟਿਸਾਂ ਨੂੰ ਸਵੀਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੌਰਾਨ ਅਸਮਾਨੀ ਪੁੱਜੀ ਮਹਿੰਗਾਈ ਤੇ ਵਧੀਆਂ ਤੇਲ ਕੀਮਤਾਂ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ। ਰੌਲੇ-ਰੱਪੇ ਕਰਕੇ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਿਆ ਅਤੇ ਸਿਫਰ ਕਾਲ ਤੇ ਪ੍ਰਸ਼ਨ ਕਾਲ ਦੌਰਾਨ ਕੋਈ ਕੰਮਕਾਜ ਨਹੀਂ ਹੋ ਸਕਿਆ। ਰੌਲੇ-ਰੱਪੇ ਕਰਕੇ ਉਪਰਲੇ ਸਦਨ ਦੀ ਕਾਰਵਾਈ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ। ਵਿਰੋਧੀ ਧਿਰਾਂ ਵਧਦੀਆਂ ਤੇਲ ਕੀਮਤਾਂ ਦੇ ਮੁੱਦੇ ’ਤੇ ਨਿਯਮ 267 ਤਹਿਤ ਚਰਚਾ ਕਰਵਾਉਣ ਦੀ ਆਪਣੀ ਮੰਗ ’ਤੇ ਅੜੀਆਂ ਰਹੀਆਂ। ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੁਝ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਰੌਲੇ-ਰੱਪੇ ਕਾਰਨ ਉਨ੍ਹਾਂ ਦੀ ਆਵਾਜ਼ ਦੱਬ ਕੇ ਰਹਿ ਗਈ। ਇਸ ਤੋਂ ਪਹਿਲਾਂ ਛੇ ਨਵੇਂ ਰਾਜ ਸਭਾ ਮੈਂਬਰਾਂ, ਜਿਨ੍ਹਾਂ ਵਿਚੋਂ ਦੋ ਭਾਜਪਾ ਤੇ ਇਕ ਕਾਂਗਰਸ ਦਾ ਹੈ, ਨੇ ਹਲਫ਼ ਲਿਆ।
ਭਾਜਪਾ ਵੱਲੋਂ ਰਾਜ ਸਭਾ ਮੈਂਬਰਾਂ ਨੂੰ ਵ੍ਹਿਪ ਜਾਰੀ
ਨਵੀਂ ਦਿੱਲੀ: ਭਾਜਪਾ ਨੇ ਅੱਜ ਆਪਣੇ ਰਾਜ ਸਭਾ ਮੈਂਬਰਾਂ ਨੂੰ ਵ੍ਹਿਪ ਜਾਰੀ ਕਰਦਿਆਂ ਬਜਟ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨ 5 ਤੋਂ 8 ਅਪਰੈਲ ਦਰਮਿਆਨ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਭਾਜਪਾ ਨੇ ਵ੍ਹਿਪ ਅਜਿਹੇ ਮੌਕੇ ਜਾਰੀ ਕੀਤਾ ਹੈ ਜਦੋਂ ਕੌਮੀ ਰਾਜਧਾਨੀ ਦੀਆਂ ਸਾਰੀਆਂ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਤੇ ਕ੍ਰਿਮੀਨਲ ਪ੍ਰੋਸੀਜ਼ਰ (ਪਛਾਣ) ਬਿੱਲ ਸਣੇ ਕਈ ਅਹਿਮ ਬਿੱਲ ਅਗਲੇ ਦਿਨਾਂ ਵਿੱਚ ਸਦਨ ’ਚ ਪੇਸ਼ ਕੀਤੇ ਜਾਣੇ ਹਨ ਤੇ ਸੱਤਾਧਾਰੀ ਗੱਠਜੋੜ ਕੋਲ ਉਪਰਲੇ ਸਦਨ ਵਿੱਚ ਲੋੜੀਂਦੀ ਬਹੁਗਿਣਤੀ ਨਹੀਂ ਹੈ। -ਪੀਟੀਆਈ
ਲੋਕ ਸਭਾ ’ਚੋਂ ਵਿਰੋਧੀ ਧਿਰ ਨੇ ਵਾਕਆਊਟ ਕੀਤਾ
ਨਵੀਂ ਦਿੱਲੀ: ਤੇਲ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਵੀ ਖਾਸਾ ਹੰਗਾਮਾ ਹੋਇਆ। ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਸ਼ਿਵ ਸੈਨਾ ਸਣੇ ਹੋਰਨਾਂ ਵਿਰੋਧੀ ਧਿਰਾਂ ਨੇ ਇਸ ਮੁੱਦੇ ’ਤੇ ਹੇਠਲੇ ਸਦਨ ’ਚੋਂ ਵਾਕਆਊਟ ਕੀਤਾ। ਜਿਵੇਂ ਹੀ ਸਿਫ਼ਰ ਕਾਲ ਸ਼ੁਰੂ ਹੋਇਆ ਤਾਂ ਡੀਐੱਮਕੇ ਮੈਂਬਰਾਂ ਨੇ ਸਦਨ ਦੇ ਵਿਚਾਲੇ ਆ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮਗਰੋਂ ਹੋਰ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦਾ ਸਾਥ ਦਿੱਤਾ। ਸਦਨ ਦੀ ਕਾਰਵਾਈ ਚਲਾ ਰਹੇ ਰਾਜੇਂਦਰ ਅਗਰਵਾਲ ਨੇ ਸਿਫ਼ਰ ਕਾਲ ਦੌਰਾਨ ਮਹਿੰਗਾਈ ਦੇ ਮੁੱਦੇ ’ਤੇ ਚਰਚਾ ਤੋਂ ਨਾਂਹ ਕੀਤੀ ਤਾਂ ਕਾਂਗਰਸ, ਡੀਐੱਮਕੇ, ਤ੍ਰਿਣਮੂਲ ਕਾਂਗਰਸ, ਖੱਬੀਆਂ ਪਾਰਟੀਆਂ, ਸ਼ਿਵ ਸੈਨਾ ਤੇ ਐੱਨਸੀਪੀ ਸਦਨ ’ਚੋਂ ਵਾਕਆਊਟ ਕਰ ਗਈਆਂ। ਇਸ ਦੌਰਾਨ ਲੋਕ ਸਭਾ ਨੇ ਕ੍ਰਿਮੀਨਲ ਪ੍ਰੋਸੀਜ਼ਰ (ਪਛਾਣ) ਬਿੱਲ ਪਾਸ ਕਰ ਦਿੱਤਾ ਹੈ। ਬਿੱਲ ਤਹਿਤ ਫੌਜਦਾਰੀ ਮਾਮਲਿਆਂ ਵਿੱਚ ਪਛਾਣ ਤੇ ਪੁੱਛ-ਪੜਤਾਲ ਲਈ ਦੋਸ਼ੀਆਂ ਤੇ ਹੋਰਨਾਂ ਵਿਅਕਤੀਆਂ ਦੀ ਪੈਮਾਇਸ਼ ਲਈ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਰੋਧੀ ਧਿਰ ਦੇ ਉਜਰਾਂ ਨੂੰ ਦੁੂਰ ਕਰਨ ਮਗਰੋਂ ਬਿੱਲ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਹੁਣ ਰਾਜ ਸਭਾ ਵਿੱਚ ਭੇਜਿਆ ਜਾਵੇਗਾ। -ਪੀਟੀਆਈ
ਚੰਡੀਗੜ੍ਹ ਦੇ ਮੁੱਦੇ ’ਤੇ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ
ਚੰਡੀਗੜ੍ਹ (ਟਨਸ): ਦੋ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਉੱਤੇ ਦਾਅਵੇਦਾਰੀ ਨੂੰ ਲੈ ਕੇ ਛਿੜੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਮੰਗਲਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। ਇਜਲਾਸ ਦੌਰਾਨ ਚੰਡੀਗੜ੍ਹ ’ਤੇ ਹਰਿਆਣਾ ਦਾ ਹੱਕ ਅਤੇ ਐੱਸਵਾਈਐੱਲ ਬਾਰੇ ਮਤਾ ਲਿਆਂਦਾ ਜਾਵੇਗਾ। ਪੰਜਾਬ ਸਰਕਾਰ ਦੇ ਰਵੱਈਏ ਖ਼ਿਲਾਫ਼ ਵੀ ਮਤਾ ਪੇਸ਼ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਇਜਲਾਸ 5 ਅਪਰੈਲ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ।
ਦੇਖਿਓ, ਕਿਤੇ ਭਾਈਚਾਰਾ ਨਾ ਤੋੜ ਲੈਣਾ: ਜਾਖੜ
ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਨੂੰ ਮਰਿਆ ਹੋਇਆ ਮੁੱਦਾ ਦੱਸਦਿਆਂ ਵਿਅੰਗ ਕੀਤੇ| ਉਨ੍ਹਾਂ ਪੰਜਾਬ-ਹਰਿਆਣਾ ਦੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਸਵਾ ਚਾਲ ਚੱਲੇ ਕਿਸਾਨ ਘੋਲ ਦੌਰਾਨ ਬਣੀ ਭਾਈਚਾਰਕ ਸਾਂਝ ਨੂੰ ਇਸ ਸਿਆਸੀ ਮੁੱਦੇ ਦੀ ਭੇਟ ਨਾ ਚੜ੍ਹਨ ਦੇਣ| ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੀ ਸਿਆਸੀ ਮਜਬੂਰੀ ਆਪਸੀ ਭਾਈਚਾਰੇ ਨੂੰ ਨਾ ਰੋਲ ਦੇਵੇ| ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀਆਂ ਕੁਰਬਾਨੀਆਂ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ’ਚ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਦਿੱਤੀ| ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਅੱਜ 56 ਸਾਲ ਪੁਰਾਣੇ ਮੁੱਦੇ ਨੂੰ ਲੈ ਕੇ ਆਹਮੋ-ਸਾਹਮਣੇ ਆ ਗਏ ਹਨ| ਉਨ੍ਹਾਂ ਟਵੀਟ ਕਰ ਕੇ ਚੰਡੀਗੜ੍ਹ ਨੂੰ ‘ਬਿੱਲੀਆਂ’ ਦੀ ਲੜਾਈ ਦੱਸਦਿਆਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਆਪਸੀ ਲੜਾਈ ’ਚ ਕੇਂਦਰ ਦੀ ਭਾਜਪਾ ਸਰਕਾਰ ਬਾਜ਼ੀ ਮਾਰ ਜਾਵੇਗੀ| ਸ੍ਰੀ ਜਾਖੜ ਨੇ ਕਿਹਾ ਕਿ ਸਿੰਘੂ ਅਤੇ ਟਿਕਰੀ ਸਰਹੱਦ ’ਤੇ ਵਰ੍ਹਿਆਂ ਮਗਰੋਂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਈ ਸੀ ਪਰ ਹੁਣ ਜਾਪ ਰਿਹਾ ਹੈ ਕਿ ਚੰਡੀਗੜ੍ਹ ਦੇ ਮੁੱਦੇ ਕਾਰਨ ਇਹ ਭਾਈਚਾਰਾ ਜਜ਼ਬਾਤਾਂ ਦੀ ਭੇਟ ਚੜ੍ਹ ਜਾਵੇਗਾ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਸਕ੍ਰਿਪਟ ਲਿਖੀ ਹੈ ਅਤੇ ਜਾਣ-ਬੁੱਝ ਕੇ ਅਜਿਹਾ ਬਿਖੇੜਾ ਖੜ੍ਹਾ ਕੀਤਾ ਗਿਆ ਹੈ ਤਾਂ ਜੋ ਪੰਜਾਬ ਅਤੇ ਹਰਿਆਣਾ ਨੂੰ ਆਪਸ ਵਿੱਚ ਲੜਾਇਆ ਜਾ ਸਕੇ| ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਡੀਜ਼ਲ ਅਤੇ ਖਾਦਾਂ ਦੇ ਭਾਅ ਵਧਾ ਦਿੱਤੇ ਹਨ ਅਤੇ ਨਾਲ ਹੀ ਕਿਸਾਨੀ ਲੀਡਰਸ਼ਿਪ ਵਿੱਚ ਵੀ ਬਿਖੇੜਾ ਖੜ੍ਹਾ ਕਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਚੰੰਡੀਗੜ੍ਹ ਦੇ ਮੁੱਦੇ ’ਤੇ ਦੋ ਸੂਬਿਆਂ ਨੂੰ ਲੜਾਉਣ ਦੀ ਚਾਲ ਚੱਲੀ ਗਈ ਹੈ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਯੂਟੀ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਕਰ ਦਿੱਤੇ ਹਨ ਜਦਕਿ ਨਾ ਤਾਂ ਕਦੇ ਯੂਟੀ ਦੇ ਮੁਲਾਜ਼ਮਾਂ ਨੇ ਇਸ ਮੰਗ ਲਈ ਮੁਜ਼ਾਹਰੇ ਕੀਤੇ ਸਨ ਅਤੇ ਨਾ ਹੀ ਕਦੇ ਪੰਜਾਬ ਅਤੇ ਹਰਿਆਣਾ ਸਰਕਾਰ ਦੀ ਅਜਿਹੀ ਕੋਈ ਮੰਗ ਸੀ| ਸ੍ਰੀ ਜਾਖੜ ਨੇ ਕਿਹਾ ਕਿ ਬਿਨਾਂ ਕਿਸੇ ਠੋਸ ਕਾਰਨ ਤੋਂ ਇਹ ਨਿਯਮ ਲਾਗੂ ਕਰ ਕੇ ਅਸਲ ਵਿੱਚ ਭਾਜਪਾ ਸਰਕਾਰ ਪੰਜਾਬ ਦੀ ਨਵੀਂ ਲੀਡਰਸ਼ਿਪ ਨੂੰ ਪਰਖਣਾ ਵੀ ਚਾਹੁੰਦੀ ਹੈ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗਤਾ ਤੇ ਸਮਰੱਥਾ ਦੀ ਪਰਖ ਕਰਨਾ ਚਾਹੁੰਦੀ ਹੈ| ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੋੜ ਹੈ|
ਨਿਸ਼ਾਨੇ ’ਤੇ ਨੇ ਪੰਜਾਬ ਦੇ ਦਰਿਆਈ ਪਾਣੀ: ਨਵਜੋਤ ਸਿੱਧੂ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ 27 ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ, ਪੰਜਾਬ ਦਾ ਸੀ, ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ। ਉਨ੍ਹਾਂ ਟਵੀਟ ਕੀਤਾ- ‘ਕਹੀਂ ਪੇ ਨਿਗਾਹੇਂ, ਕਹੀ ਪੇ ਨਿਸ਼ਾਨਾ’। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤਾਂ ਬਹਾਨਾ ਹੈ ਪਰ ਅਸਲ ਨਿਸ਼ਾਨੇ ’ਤੇ ਪੰਜਾਬ ਦੇ ਦਰਿਆਈ ਪਾਣੀ ਹਨ।