ਰਵੇਲ ਸਿੰਘ ਭਿੰਡਰ
ਪਟਿਆਲਾ, 17 ਜੂਨ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵਲੋਂ ਇੱਥੇ ਚੇਅਰਮੈਨ ਤੇ ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫਤਰ ਵਾਤਾਵਰਣ ਭਵਨ ਵਿਖੇ ਬੋਰਡ ਦੇ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂਆਂ ਮੰਗਾਂ, ਕੀਤੀਆਂ ਜਾ ਰਹੀਆਂ ਵਧੀਕਿਆਂ ਤੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਗਰਮੀ ਦੇ ਬਾਵਜੂਦ ਵਿਸ਼ਾਲ ਰੋਹ ਭਰੀ ਰੈਲੀ ਕੀਤੀ। ਰੈਲੀ ਦੌਰਾਨ ਮੈਂਬਰ ਸਕੱਤਰ ਦਾ ਸਿਆਪਾ ਕੀਤਾ। ਜਥੇਬੰਦੀ ਵੱਲੋਂ ਇਹ ਵੀ ਫੈਸਲਾ ਲਿਆ ਕਿ ਮੈਂਬਰ ਸਕੱਤਰ ਦੀਆਂ ਵਧੀਕੀਆਂ ਵਿਰੁੱਧ 26 ਜੂਨ ਨੂੰ ਮੁੜ ਅਰਥੀ ਫੂਕ ਰੈਲੀ ਕੀਤੀ ਜਾਏਗੀ ਤੇ ਇਸ ਅਧਿਕਾਰੀ ਦੀ ਨਿੱਜੀ ਰਿਹਾਇਸ਼ੀ ਅੱਗੇ ਵੀ ਸਿਆਪਾ ਕਰਨ ਦਾ ਐਲਾਨ ਕੀਤਾ। ਸੂਬਾਈ ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਪ੍ਰਦਰਸ਼ਨ ਦੌਰਾਨ ਦੋਸ਼ ਲਾਇਆ ਕਿ ਬੋਰਡ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। 17 ਦਸੰਬਰ 2019 ਨੂੰ ਮੈਂਬਰ ਸਕੱਤਰ ਕਰੁਨੇਸ਼ ਗਰਗ ਵਲੋਂ ਜਥੇਬੰਦੀ ਨਾਲ ਗੱਲਬਾਤ ਕਰਕੇ ਮੰਗਾਂ ਪ੍ਰਵਾਨ ਕੀਤੀਆਂ ਸਨ ਪਰ ਫੀਲਡ ਅਟੈਡੈਂਟ ਨੂੰ ਉਚੇਰਾ ਤਨਖਾਹ ਸਕੇਲ ਦੇਣ ਦੀ ਬਜਾਏ ਕੇਵਲ ਇੰਕਰੀਮੈਂਟ ਦਿੱਤਾ ਗਿਆ ਹੈ ਤੇ ਬਾਕੀ ਮੰਗਾਂ ’ਤੇ ਕੋਈ ਅਮਲ ਨਹੀਂ ਕੀਤਾ ਗਿਆ। ਉਧਰ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਗਰਗ ਨੇ ਰੈਲੀ ਦੌਰਾਨ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਸਾਰੇ ਕੰਮ ਮੈਰਿਟ ਤੇ ਪਾਰਦਰਸ਼ੀ ਹੋ ਰਹੇ ਹਨ।