ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 10 ਨਵੰਬਰ
ਹੁਸੈਨੀਵਾਲਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਪ੍ਰਸਤ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ‘ਬਾਰਡਰ ਖੁਲ੍ਹਾਓ, ਕਿਸਾਨ ਬਚਾਓ’ ਰੈਲੀ ਕੀਤੀ ਗਈ। ਇਸ ਮੌਕੇ ਮਾਨ ਨੇ ਕਿਸਾਨਾਂ ਨਾਲ ਹੋ ਰਹੇ ਧੱਕੇ ਅਤੇ ਕਾਲੇ ਕਾਨੂੰਨ ਬਾਰੇ ਦੱਸਿਆ ਅਤੇ ਬਾਰਡਰ ਖੁੱਲ੍ਹਣ ’ਤੇ ਪੰਜਾਬ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਜੇ ਅੱਜ ਬਾਰਡਰ ਖੁੱਲ੍ਹਾ ਹੁੰਦਾ ਤਾਂ ਮੋਦੀ ਸਰਕਾਰ ਦੀਆਂ ਮਿੰਨਤਾਂ ਕੱਢਣ ਦੀ ਲੋੜ ਨਾ ਹੁੰਦੀ ਅਤੇ ਨਾ ਹੀ ਕਿਸਾਨਾਂ ਨੂੰ ਸੜਕਾਂ ਅਤੇ ਰੇਲ ਪਟੜੀਆਂ ’ਤੇ ਉਤਰਨਾ ਪੈਂਦਾ। ਕੇਂਦਰ ਦੀ ਮੋਦੀ ਸਰਕਾਰ, ਸੂਬੇ ਦੀ ਕਾਂਗਰਸ ਸਰਕਾਰ ਤੇ ‘ਆਪ’ ਨੂੰ ਕੋਸਦਿਆਂ ਮਾਨ ਨੇ ਕਿਹਾ ਕਿ ਤਿੰਨੇ ਪਾਰਟੀਆਂ ਮਗਰਮੱਛ ਵਾਲੇ ਹੰਝੂ ਵਹਾ ਕੇ ਪਿੰਡਾਂ ਦੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਇਸ ਮੌਕੇ ਜਸਕਰਨ ਸਿੰਘ, ਭਾਈ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ ਤੇ ਗੁਰਚਰਨ ਸਿੰਘ ਭੁੱਲਰ ਨੇ ਵੀ ਸੰਬੋਧਨ ਕੀਤਾ।