ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 4 ਅਗਸਤ
ਇਥੋਂ ਨੇੜਲੇ ਪਿੰਡ ਫੁੱਲੋ ਖਾਰੀ ਦੇ ਜੰਮਪਲ ਅਤੇ ਰਾਮਾਂ ਮੰਡੀ ਦੇ ਵਸਨੀਕ 25 ਸਾਲਾ ਰਸਪ੍ਰੀਤ ਨੇ ਯੂਪੀਐਸਸੀ ਦੀ ਪ੍ਰੀਖਿਆ ’ਚੋਂ 196 ਵਾਂ ਰੈਂਕ ਹਾਸਲ ਕਰਕੇ ਮੰਡੀ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਰਸਪ੍ਰੀਤ ਦੇ ਪਿਤਾ ਲਾਭ ਸਿੰਘ ਨੇ ਦੱਸਿਆ ਕਿ ਰਸਪ੍ਰੀਤ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਿਹਾ ਸੀ। ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਮੰਡੀ ਦੇ ਆਰਐਮਐਮ ਡੀਏਵੀ ਪਬਲਿਕ ਸਕੂਲ ਤੋਂ, ਬਾਰ੍ਹਵੀਂ ਸਟਾਰ ਪਲੱਸ ਸਕੂਲ ਅਤੇ ਬੀਟੈਕ ਦੀ ਡਿਗਰੀ ਆਈਆਈਟੀ ਮੰਡੀ ਹਿਮਾਚਲ ਪ੍ਰਦੇਸ਼ ਤੋਂ ਕੀਤੀ। ਰਸਪ੍ਰੀਤ ਦੇ ਪਿਤਾ ਲਾਭ ਸਿੰਘ ਪਿੰਡ ਤਿਉਣਾ ਪੁਜਾਰੀਆਂ ਵਿਚ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਹਨ ਜਦੋਂ ਕਿ ਮਾਤਾ ਰੁਪਿੰਦਰਪਾਲ ਕੌਰ ਘਰੇਲੂ ਸੁਆਣੀ ਹੈ। ਰਸਪ੍ਰੀਤ ਨੇ ਕਿਹਾ ਕਿ ਇਹ ਸੁਫ਼ਨਾ ਉਸ ਦੇ ਬੀਟੈਕ ਦੀ ਪੜ੍ਹਾਈ ਕਰਨ ਉਪਰੰਤ ਆਇਆ ਤੇ ਉਸ ਨੇ ਤਿੰਨ ਮਹੀਨੇ ਦਿੱਲੀ ਤੋਂ ਕੋਚਿੰਗ ਲਈ ਅਤੇ ਪਿਛਲੇ ਸਾਲ ਇਕ ਜੂਨ ਨੂੰ ਯੂਪੀਐਸਸੀ ਦਾ ਪੇਪਰ ਦਿੱਤਾ ਸੀ ਤੇ ਬੀਤੀ 24 ਜੁਲਾਈ ਨੂੰ ਦਿੱਲੀ ਵਿਚ ਇੰਟਰਵਿਊ ਦੇਣ ਗਿਆ ਸੀ। ਅੱਜ ਜਦੋਂ ਨਤੀਜਾ ਆਇਆ ਤਾਂ ਸਾਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ।