ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 20 ਜਨਵਰੀ
ਦੇਸ਼ ਨੂੰ ਆਜ਼ਾਦ ਹੋਇਆ ਲੰਬਾ ਅਰਸਾ ਬੀਤਣ ਦੇ ਬਾਵਜੂਦ ਇੱਥੇ ਲੜਕਿਆਂ ਲਈ ਕੋਈ ਸਰਕਾਰੀ ਤਕਨੀਕੀ ਕਾਲਜ, ਸਰਕਾਰੀ ਮਿਡਲ ਸਕੂਲ, ਸਰਕਾਰੀ ਹਾਈ ਸਕੂਲ ਜਾਂ ਸੀਨੀਅਰ ਸੈਕੰਡਰੀ ਸਕੂਲ ਨਹੀਂ ਬਣ ਸਕਿਆ, ਜਦਕਿ ਇਸ ਸਮੇਂ ਰਾਮਾ ਮੰਡੀ ਵਿੱਚ ਕੁੜੀਆਂ ਦੇ ਸਕੂਲ ਵਿੱਚ ਛੋਟੀ ਜਿਹੀ ਇਮਾਰਤ ਵਿੱਚ ਮੁੰਡਿਆਂ ਦਾ ਸਾਂਝਾ ਤੌਰ ’ਤੇ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ।
ਦਰਅਸਲ ਰਾਮਾਂ ਮੰਡੀ ਅਤੇ ਇਸ ਦਾ ਕੁਝ ਇਲਾਕਾ ਦੋ ਵਿਧਾਨ ਸਭਾ ਹਲਕਿਆਂ ਵਿੱਚ ਵਿਚਰਦਾ ਰਿਹਾ ਹੈ। ਪਹਿਲਾਂ ਤਾਂ ਰਿਜ਼ਰਵ ਹਲਕਾ ਪੱਕਾ ਕਲਾਂ ਵਿੱਚ ਸੀ ਅਤੇ ਹੁਣ ਇਹ ਜਰਨਲ ਹਲਕਾ ਤਲਵੰਡੀ ਸਾਬੋ ਵਿੱਚ ਹੈ। 1972 ਤੋਂ 2022 ਤੱਕ ਦੇ ਅੰਕੜਿਆਂ ਅਨੁਸਾਰ 1972 ਤੋਂ 2007 ਤੱਕ ਰਾਮਾਂ ਮੰਡੀ ਦਾ ਇਲਾਕਾ ਰਿਜ਼ਰਵ ਹਲਕਾ ਪੱਕਾ ਕਲਾਂ ਅਤੇ 2007 ਤੋਂ 2022 ਤੱਕ ਜਰਨਲ ਹਲਕਾ ਤਲਵੰਡੀ ਸਾਬੋ ਵਿੱਚ ਰਿਹਾ ਹੈ। ਇਨ੍ਹਾਂ 35 ਸਾਲਾਂ ਦੌਰਾਨ ਰਿਜ਼ਰਵ ਹਲਕਾ ਪੱਕਾ ਕਲਾਂ ਵਿੱਚ 8 ਵਿਧਾਇਕ ਲੋਕਾਂ ਦੇ ਨੁਮਾਇੰਦੇ ਬਣ ਕੇ ਆਏ। ਸੰਨ 1972 ਵਿੱਚ ਸੁਰਜੀਤ ਸਿੰਘ, 1977 ਵਿੱਚ ਸੁਖਦੇਵ ਸਿੰਘ, 1980 ਵਿੱਚ ਭਗਤ ਸਿੰਘ, 1985 ਵਿੱਚ ਸੁਰਜਨ ਸਿੰਘ (ਚਾਰੇ ਅਕਾਲੀ ਦਲ), 1992 ਵਿੱਚ ਬਲਦੇਵ ਸਿੰਘ ਕਾਂਗਰਸ, 1997 ਵਿੱਚ ਮੱਖਣ ਸਿੰਘ ਅਕਾਲੀ ਦਲ, 2002 ਗੁਰਜੰਟ ਸਿੰਘ ਕੁੱਤੀਵਾਲ ਸੀਪੀਆਈ ਅਤੇ 2007 ਵਿੱਚ ਮੱਖਣ ਸਿੰਘ ਨੇ ਕਾਂਗਰਸ ਪਾਰਟੀ ਵਜੋਂ ਅਗਵਾਈ ਕੀਤੀ। ਇਸ ਤੋਂ ਬਾਅਦ 2012 ਵਿੱਚ ਰਾਮਾਂ ਮੰਡੀ ਦੇ ਜਰਨਲ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੀ ਅਗਵਾਈ ਹੇਠ ਜੀਤ ਮਹਿੰਦਰ ਸਿੰਘ ਸਿੱਧੂ ਅਤੇ 2014 ਵਿੱਚ ਜ਼ਿਮਨੀ ਚੋਣ ਵਿੱਚ ਵੀ ਜੀਤ ਮਹਿੰਦਰ ਸਿੱਧੂ ਦੁਬਾਰਾ ਅਕਾਲੀ ਦਲ ਵੱਲੋਂ ਵਿਧਾਇਕ ਬਣੇ। ਇੱਥੋਂ 2017 ਵਿੱਚ ਇਹ ਸੀਟ ਆਮ ਆਦਮੀ ਦੀ ਪ੍ਰੋ. ਬਲਜਿੰਦਰ ਕੌਰ ਦੇ ਹੱਥ ਆਈ ਅਤੇ ਉਦੋਂ ਤੋਂ ਲਗਾਤਾਰ ਮੌਜੂਦਾ ਕਾਂਗਰਸ ਦੀ ਸਰਕਾਰ ਦਾ ਨੁਮਾਇੰਦਾ ਖੁਸ਼ਬਾਜ਼ ਸਿੰਘ ਜਟਾਣਾ ਵੀ ਹਲਕਾ ਇੰਚਾਰਜ ਵਜੋਂ ਵਿਚਰ ਰਿਹਾ ਪਰ ਉਹ ਵੀ ਇੱਥੇ ਮੁੰਡਿਆਂ ਲਈ ਸਰਕਾਰੀ ਸਕੂਲ ਨਾ ਬਣਵਾ ਸਕੇ।
ਰਾਮਾਂ ਮੰਡੀ ਦੇ ਵਾਸੀਆਂ ’ਚ ਰੋਸ ਹੈ ਕਿ ਪੰਜ ਦਹਾਕਿਆਂ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਦਰਜਨ ਦੇ ਕਰੀਬ ਵਿਧਾਇਕ ਇੱਥੇ ਲੜਕਿਆਂ ਦਾ ਇੱਕ ਸਰਕਾਰੀ ਸਕੂਲ ਨਹੀਂ ਬਣਵਾ ਸਕੇ। ਪਿੰਡਾਂ ਦੇ ਬੱਚੇ ਅਕਸਰ ਸ਼ਹਿਰਾਂ ਜਾਂ ਮੰਡੀਆਂ ਵਿੱਚ ਪੜ੍ਹਨ ਜਾਂਦੇ ਹਨ ਪਰ ਰਾਮਾਂ ਮੰਡੀ ਦੇ ਛੋਟੇ ਅਤੇ ਵੱਡੇ ਨੌਜਵਾਨ ਨੇੜਲੇ ਪਿੰਡਾਂ ਬੱਗੀ ਕਲਾਂ, ਬੰਗੀ ਰੁਘੂ, ਬੰਗੀ ਦੀਪਾ, ਮਲਕਾਣਾ, ਜੱਜਲ, ਰਾਮਸਰਾ, ਫੁੱਲੋ ਖਾਰੀ, ਕਣਕਵਾਲ, ਗਿਆਨਾ ਅਤੇ ਗਾਟਵਾਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਸਿੱਖਿਆ ਦੇ ਪਾਸਾਰ ਲਈ ਜ਼ੋਰ ਲਗਾ ਰਹੀਆਂ ਹਨ, ਉੱਥੇ ਹੀ ਰਾਮਾਂ ਮੰਡੀ ਵਿੱਚ ਸਕੂਲ ਨਾ ਬਣਵਾ ਸਕਣਾ ਸਰਕਾਰਾਂ ਦੀ ਸਭ ਤੋਂ ਵੱਡੀ ਨਲਾਇਕੀ ਹੈ। ਇਲਾਕਾ ਵਾਸੀ ਹਰ ਵਾਰ ਚੋਣਾਂ ਵੇਲੇ ਉਮੀਦਵਾਰਾਂ, ਮੰਤਰੀਆਂ ਨੂੰ ਸਕੂਲ ਦੀ ਸਮੱਸਿਆ ਤੋਂ ਜਾਣੂ ਕਰਵਾਉਂਦੇ ਹਨ ਪਰ ਹਾਲੇ ਤੱਕ ਇਹ ਮਸਲਾ ਹੱਲ ਨਹੀਂ ਹੋਇਆ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੜਕਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਇੱਥੇ ਸਰਕਾਰੀ ਸਕੂਲ ਅਤੇ ਕਾਲ ਖੋਲ੍ਹਿਆ ਜਾਵੇ।
ਹਲਕੇ ਵਿੱਚ ਸਕੂਲਾਂ ਦੀ ਵੱਡੀ ਘਾਟ: ਬਲਜਿੰਦਰ ਕੌਰ
ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਕੱਠੇ ਰਾਮਾਂ ਮੰਡੀ ਵਿੱਚ ਹੀ ਨਹੀਂ, ਸਗੋਂ ਹਲਕੇ ਵਿੱਚ ਹੋਰਨਾਂ ਥਾਈਂ ਵੀ ਸਕੂਲਾਂ ਅਤੇ ਸਕੂਲਾਂ ਵਿੱਚ ਸਟਾਫ਼ ਦੀ ਵੱਡੀ ਘਾਟ ਹੈ, ਜਿਸ ਦਾ ਮੁੱਦਾ ਉਹ ਸਮੇਂ-ਸਮੇਂ ’ਤੇ ਚੁੱਕਦੇ ਰਹੇ ਹਨ, ਜਦਕਿ ਮੌਜੂਦਾ ਕਾਂਗਰਸ ਦੀ ਸਰਕਾਰ ਅਜਿਹੇ ਮਸਲਿਆਂ ਨੂੰ ਫੰਡ ਦੀ ਘਾਟ ਨਾਲ ਜੋੜ ਕੇ ਦਬਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਇੱਥੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਲਈ ਸਿੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ।