ਚਰਨਜੀਤ ਭੁੱਲਰ
ਰਾਮਪੁਰਾ ਫੂਲ, 16 ਫਰਵਰੀ
ਕੇਂਦਰੀ ਮਾਲਵੇ ’ਚ ਪੈਂਦੇ ਹਲਕਾ ਰਾਮਪੁਰਾ ਫੂਲ ਦਾ ਚੁਣਾਵੀ ਮਿਜ਼ਾਜ ਇਸ ਦਫਾ ਅੰਗੜਾਈ ਲੈ ਰਿਹਾ ਹੈ। ਜਿੱਧਰ ਨਜ਼ਰ ਮਾਰੋ, ਤਿੰਨ-ਤਿੰਨ ਰੰਗਾਂ ਦੇ ਝੰਡੇ ਲਹਿਰਾ ਰਹੇ ਹਨ। ਇਨ੍ਹਾਂ ਤੋਂ ਅੰਦਾਜ਼ਾ ਲਾਉਣਾ ਹੋਵੇ ਤਾਂ ਇੰਜ ਜਾਪਦਾ ਹੈ ਜਿਵੇਂ ਇਸ ਹਲਕੇ ਤੋਂ ਐਤਕੀਂ ਇਕ ਨਹੀਂ ਤਿੰਨ ਉਮੀਦਵਾਰ ਜਿੱਤਣਗੇ। ਇਸ ਹਲਕੇ ਨੂੰ ਗੁੜ੍ਹਤੀ ਕਾਮਰੇਡਾਂ ਨੇ ਦਿੱਤੀ ਹੋਈ ਹੈ। ਮਰਹੂਮ ਮਾਸਟਰ ਬਾਬੂ ਸਿੰਘ ਇੰਨੇ ਹਰਮਨਪਿਆਰੇ ਸਨ ਕਿ ਲੋਕਾਂ ਨੇ ਉਨ੍ਹਾਂ ਨੂੰ ਚਾਰ ਦਫਾ ਵਿਧਾਨ ਸਭਾ ’ਚ ਭੇਜਿਆ ਸੀ। ਇਸੇ ਤਰ੍ਹਾਂ ਕਾਂਗਰਸ ਦੇ ਮਰਹੂਮ ਹਰਬੰਸ ਸਿੰਘ ਸਿੱਧੂ ਨੂੰ ਦੋ ਵਾਰ ਇਸ ਹਲਕੇ ਨੇ ਵਿਧਾਇਕ ਬਣਾਇਆ। ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਬਤੌਰ ਚੇਅਰਮੈਨ ਸਿੱਧੂ ਨੇ ਹਲਕੇ ’ਚ ਏਨਾ ਰੁਜ਼ਗਾਰ ਵੰਡਿਆ ਕਿ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਮਗਰੋਂ ‘ਮਲੂਕਾ ਅਤੇ ਕਾਂਗੜ’ ਦਾ ਯੁੱਗ ਸ਼ੁਰੂ ਹੋਇਆ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਵਿਰੋਧ ’ਚੋਂ ਗੁਰਪ੍ਰੀਤ ਸਿੰਘ ਕਾਂਗੜ ਨਿਕਲੇ। ਸਿਆਸੀ ਤੌਰ ’ਤੇ ਮਲੂਕਾ ਅਤੇ ਕਾਂਗੜ ਅਤਿ ਦੇ ਕੱਟੜ ਵਿਰੋਧੀ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੇ ਦੋ ਵਾਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾਇਆ ਹੈ ਜਦੋਂ ਕਿ ਕਾਂਗੜ ਨੇ ਤਿੰਨ ਦਫਾ ਮਲੂਕਾ ਨੂੰ ਹਰਾਇਆ ਹੈ। ਮਲੂਕਾ ਐਤਕੀਂ ਕਾਂਗੜ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ। ਉਨ੍ਹਾਂ ਬਤੌਰ ਮੰਤਰੀ ਏਨੇ ਵਿਕਾਸ ਕੰਮ ਕਰਾਏ ਹਨ ਕਿ ਪਿੰਡ-ਪਿੰਡ ਉਨ੍ਹਾਂ ਦੇ ਨੀਂਹ ਪੱਥਰ ਅਤੇ ਉਦਘਾਟਨੀ ਪੱਥਰ ਨਜ਼ਰੀਂ ਪੈਂਦੇ ਹਨ। ਕਾਂਗੜ ਕਰੀਬ ਦਸ ਸਾਲ ਇਹ ਆਖ ਕੇ ਬਚਦੇ ਰਹੇ ਕਿ ਉਨ੍ਹਾਂ ਨੂੰ ਜਦੋਂ ਮੰਤਰੀ ਅਹੁਦਾ ਮਿਲੇਗਾ ਤਾਂ ਫਿਰ ਦੇਖਣਾ ਕਿੰਨੇ ਵਿਕਾਸ ਕਾਰਜ ਹੁੰਦੇ ਹਨ। ਐਤਕੀਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਾਲ ਮੰਤਰੀ ਬਣਾਇਆ ਸੀ ਪਰ ਲੋਕਾਂ ਮੁਤਾਬਕ ਗੱਲ ਫੇਰ ਵੀ ਨਹੀਂ ਬਣ ਸਕੀ ਹੈ। ਹਲਕੇ ’ਚ ਇਹ ਪ੍ਰਭਾਵ ਵੀ ਮਿਲਿਆ ਕਿ ਮੌਜੂਦਾ ਚੋਣਾਂ ’ਚ ਸਿਰ-ਧੜ ਦੀ ਬਾਜ਼ੀ ਮਲੂਕਾ ਤੇ ਕਾਂਗੜ ’ਚ ਹੀ ਨਹੀਂ ਸਗੋਂ ਮਲੂਕਾ ਅਤੇ ‘ਆਪ’ ਉਮੀਦਵਾਰ ਬਲਕਾਰ ਸਿੱਧੂ ’ਚ ਵੀ ਲੱਗੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਕਾਂਗੜ ਦੀ ਜਿੱਤ ਦਾ ਕਾਰਨ ਬਣਦਾ ਰਿਹਾ ਹੈ। ਬੀਤੇ ਪੰਜ ਵਰ੍ਹਿਆਂ ’ਚ ਮਹਿਰਾਜ ’ਚੋਂ ਵਿਕਾਸ ਗਾਇਬ ਰਿਹਾ ਅਤੇ ਗੁਰਪ੍ਰੀਤ ਕਾਂਗੜ ਵੀ ਬਹੁਤੇ ਨਜ਼ਰ ਨਹੀਂ ਪਏ। ਮਹਿਰਾਜ ਦੇ ਬੱਸ ਅੱਡੇ ਵਾਲੀ ਮਾਰਕਿਟ ’ਚ ਦਰਜਨਾਂ ਦੁਕਾਨਾਂ ਹਨ ਜਿਨ੍ਹਾਂ ’ਤੇ ਪੰਜ-ਪੰਜ ਪਾਰਟੀਆਂ ਦੇ ਝੰਡੇ ਇੱਕੋ ਕਤਾਰ ਵਿਚ ਲੱਗੇ ਹੋਏ ਹਨ। ਲੋਕਾਂ ਨੇ ਕਿਹਾ ਕਿ ਉਹ ਸਿਆਣੇ ਹੋ ਗਏ ਹਨ ਅਤੇ ਸੋਚ ਵਿਚਾਰ ਕੇ ਹੀ ਕੋਈ ਫ਼ੈਸਲਾ ਕਰਨਗੇ। ਸਾਈਕਲ ਰਿਪੇਅਰ ਕਰਨ ਵਾਲੇ ਦਰਸ਼ਨ ਸਿੰਘ ਨੇ ਦਲੀਲ ਦਿੱਤੀ,‘‘ਦੋ ਤਰ੍ਹਾਂ ਦੀ ਸਬਜ਼ੀ ਖਾ ਕੇ ਅਸੀਂ ਦੇਖਦੇ ਰਹੇ ਪਰ ਕੁਝ ਨਹੀਂ ਬਣਿਆ ਅਤੇ ਐਤਕੀਂ ਨਵਾਂ ਤਜਰਬਾ ਕਰਾਂਗੇ।’’ ਪਿੰਡ ਹਰਨਾਮ ਸਿੰਘ ਵਾਲਾ ਦੀ ਮਜ਼ਦੂਰ ਔਰਤ ਸੁਖਜੀਤ ਕੌਰ ਨੇ ਤਲਖੀ ਵਿਚ ਕਿਹਾ ਕਿ ‘ਕਾਂਗੜ ਨੇ ਤਾਂ ਨੱਕ ਨਾਲ ਜੀਭ ਲਗਾ ਦਿੱਤੀ ਹੈ।’ ਸੰਦੀਪ ਕੌਰ ਨੇ ਕਿਹਾ,‘‘ਸਾਡੀ ਤਾਂ ਉਮਰ ਲੰਘ ਗਈ, ਬੱਚਿਆਂ ਦਾ ਭਵਿੱਖ ਬਣ ਜਾਵੇ, ਇਹੋ ਸੋਚ ਕੇ ਹਮੇਸ਼ਾ ਵੋਟਾਂ ਪਾਈਆਂ ਪਰ ਪੱਲੇ ਨਿਰਾਸ਼ਾ ਹੀ ਪਈ।’’ ਬਹੁਤੇ ਲੋਕਾਂ ਨੇ ਕਿਹਾ ਕਿ ਮੁਕਾਬਲਾ ਮਲੂਕਾ ਅਤੇ ‘ਆਪ’ ਉਮੀਦਵਾਰ ਵਿਚਕਾਰ ਹੈ ਪਰ ਹਲਕੇ ਵਿਚ ਮੁਕਾਬਲਾ ਤਿਕੋਣਾ ਜਾਪਿਆ।
ਰਾਮਪੁਰਾ ਦੇ ਜਸਵਿੰਦਰ ਛਿੰਦਾ ਦਾ ਪ੍ਰਤੀਕਰਮ ਸੀ ਕਿ ਸ਼ਹਿਰ ਵਿਚ ਮਲੂਕਾ, ਕਾਂਗੜ ਤੇ ਬਲਕਾਰ ਸਿੱਧੂ ਬਰਾਬਰ ਦੀ ਵੋਟ ਲੈ ਕੇ ਜਾਣਗੇ। ਸ਼ਹਿਰ ਦੇ ਲੋਕ ਆਖਦੇ ਹਨ ਕਿ ਕਾਂਗੜ ਨੂੰ ਕੱਟੜ ਕਾਂਗਰਸੀ ਵੋਟ ਹੀ ਮਿਲੇਗੀ। ਦੁਕਾਨਦਾਰਾਂ ਦਾ ਗਿਲਾ ਹੈ ਕਿ ਕਾਂਗੜ ਸ਼ਹਿਰੀਆਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਸ਼ਹਿਰ ਵਿਚ ਓਵਰਬ੍ਰਿਜ ਦਾ ਲਟਕਿਆ ਕੰਮ ਵੀ ਉਸ ਵਿਰੁੱਧ ਜਾ ਰਿਹਾ ਹੈ। ਪਿੰਡ ਮਹਿਰਾਜ ਦੇ ਰਾਜਵੀਰ ਸਿੰਘ ਰਾਜਾ ਨੇ ਕਿਹਾ ਕਿ ਰਾਮਪੁਰਾ ਤਹਿਸੀਲ ’ਚ ਹੋਏ ਭ੍ਰਿਸ਼ਟਾਚਾਰ ਤੋਂ ਲੋਕ ਦੁੱਖੀ ਹਨ। ‘ਆਪ’ ਉਮੀਦਵਾਰ ਬਲਕਾਰ ਸਿੱਧੂ ਨੇ ਵੀ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਹੈ। ਇਵੇਂ ਟਕਸਾਲੀ ਕਾਂਗਰਸੀ ਆਖਦੇ ਹਨ ਕਿ ਮੰਤਰੀ ਨੇ ਹਲਕੇ ਵਿਚ ਅਕਾਲੀ ਦਲ ’ਚੋਂ ਆਏ ਲੋਕਾਂ ਨੂੰ ਅਹੁਦੇ ਦਿੱਤੇ ਅਤੇ ਕਾਂਗਰਸੀ ਆਗੂਆਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੋਈ। ਅਕਾਲੀ ਖੇਮੇ ਨੂੰ ਇਹ ਖਦਸ਼ਾ ਹੈ ਕਿ ਕਿਤੇ ਕਾਂਗੜ ਆਪਣੀ ਵੋਟ ਨਾ ਸੰਭਾਲ ਸਕਿਆ ਤਾਂ ‘ਆਪ’ ਮਜ਼ਬੂਤ ਹੋ ਜਾਵੇਗੀ। ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਤਾਂ ਭਗਤਾ ਭਾਈ ਨੂੰ ਇੱਕ ਫਾਇਰ ਬ੍ਰਿਗੇਡ ਤੱਕ ਨਹੀਂ ਦੇ ਸਕੀ, ਬਾਕੀ ਦੇ ਹੋਰ ਕੰਮ ਤਾਂ ਛੱਡ ਹੀ ਦਿਉ। ਉਨ੍ਹਾਂ ਕਿਹਾ ਕਿ ਹਲਕੇ ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਐਡਵੋਕੇਟ ਅਜੀਤਪਾਲ ਸਿੰਘ ਮੰਡੇਰ ਮੁਤਾਬਕ ਪਿੰਡ ’ਚੋਂ ਚੰਨੀ ਦੇ ਮੂੰਹ ਨੂੰ ਵੋਟ ਪੈ ਸਕਦੀ ਹੈ ਪਰ ਕਾਂਗਰਸੀ ਮੰਤਰੀ ਨੇ ਲੋਕਾਂ ਦੀ ਬਾਤ ਤੱਕ ਨਹੀਂ ਪੁੱਛੀ। ਕਾਂਗੜ ਦੇ ਜੱਦੀ ਪਿੰਡ ਦੇ ਨੇੜਲੇ ਪਿੰਡਾਂ ਵਿਚ ਉਨ੍ਹਾਂ ਦਾ ਵੋਟ ਬੈਂਕ ਕਾਇਮ ਜਾਪਦਾ ਹੈ। ਸੇਲਬਰਾਹ ਦੇ ਗੁਰਪ੍ਰੀਤ ਸਿੰਘ ਨੇ ਨਿਚੋੜ ਕੱਢਿਆ ਕਿ ਐਤਕੀਂ ਝੰਡਾ ਹੋਰ, ਡੰਡਾ ਹੋਰ ਅਤੇ ਵੋਟ ਕਿਸੇ ਨੂੰ ਹੋਰ ਨੂੰ ਪਵੇਗਾ। ਰਾਮਪੁਰਾ ਦੇ ਪੰਜਾਬ ਆਟੋ ਵਰਕਸ ਦੇ ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਝੰਡੇ ਹੱਥ ਪੂੰਝਣ ਲਈ ਵਰਤੇ ਜਾਣਗੇ। ‘ਆਪ’ ਉਮੀਦਵਾਰ ਨੂੰ ਹਲਕੇ ਤੋਂ ਬਾਹਰਲਾ ਹੋਣ ਕਰਕੇ ਦਿੱਕਤ ਆ ਰਹੀ ਹੈ ਅਤੇ ਸਿਆਸੀ ਧੁਨੰਤਰਾਂ ਦੇ ਮੁਕਾਬਲੇ ਉਸ ਦੀ ਚੋਣ ਮੈਨੇਜਮੈਂਟ ਸਚੁੱਜੀ ਨਹੀਂ ਹੈ। ਕਈ ਲੋਕਾਂ ਮੁਤਾਬਕ ਬਲਕਾਰ ਸਿੱਧੂ ਹਾਲੇ ਦਿੱਖ ਤੋਂ ਨੇਤਾ ਨਹੀਂ ਲੱਗਦੇ ਹਨ। ਵੈਸੇ ਹਲਕੇ ਤੋਂ ਭਾਜਪਾ ਦੇ ਅਮਰਜੀਤ ਸ਼ਰਮਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਜਸਕਰਨ ਬੁੱਟਰ ਵੀ ਚੋਣ ਮੈਦਾਨ ਵਿਚ ਹਨ।
ਰਾਮਪੁਰਾ ਫੂਲ; ਇੱਕ ਝਾਤ
ਰਾਮਪੁਰਾ ਹਲਕੇ ’ਚ 1957 ਤੋਂ 2017 ਤੱਕ ਵਿਧਾਨ ਸਭਾ ਚੋਣਾਂ ਵਿਚ ਪੰਜ ਦਫਾ ਕਾਂਗਰਸ, ਚਾਰ ਦਫਾ ਸੀਪੀਆਈ, ਚਾਰ ਵਾਰ ਅਕਾਲੀ ਦਲ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। 2017 ਵਿਚ ਕਾਂਗੜ ਨੇ 10385 ਵੋਟਾਂ ਦੇ ਫਰਕ ਨਾਲ ਮਲੂਕਾ ਨੂੰ ਹਰਾਇਆ ਸੀ ਜਦੋਂ ਕਿ 2012 ਵਿਚ ਮਲੂਕਾ ਨੇ ਕਾਂਗੜ ਨੂੰ 5136 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਹਲਕੇ ਵਿਚ ਇਸ ਵੇਲੇ 169859 ਵੋਟਰ ਹਨ ਅਤੇ ਡੇਰਾ ਸਿਰਸਾ ਦਾ ਪੰਜਾਬ ਦਾ ਹੈੱਡਕੁਆਰਟਰ ਵੀ ਇਸ ਹਲਕੇ ਵਿਚ ਪਿੰਡ ਸਲਾਬਤਪੁਰਾ ਵਿਚ ਪੈਂਦਾ ਹੈ ਜਿਸ ਦਾ ਵੋਟ ਬੈਂਕ ਵੀ ਭੂਮਿਕਾ ਅਦਾ ਕਰਦਾ ਹੈ।