ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਨਵੰਬਰ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ ਕੀਤਾ ਹੈ| ਸ੍ਰੀ ਰੰਧਾਵਾ ਨੇ ਮਾਰਕਫੈੱਡ ਦੇ ਮੁੱਖ ਦਫ਼ਤਰ ਵਿੱਚ ਸੰਗ੍ਰਹਿ ਜਾਰੀ ਕਰਦਿਆਂ ਕਿਹਾ ਕਿ ਇਹ ਬੈਂਕ ਕਰਮਚਾਰੀਆਂ ਲਈ ਭਵਿੱਖ ਵਿੱਚ ਹਵਾਲਿਆਂ ਵਜੋਂ ਕੰਮ ਕਰੇਗਾ| ਉਨ੍ਹਾਂ ਕਿਹਾ ਕਿ ਇਹ ਸੰਗ੍ਰਹਿ ਰੋਜ਼ਾਨਾ ਕਾਰਜਾਂ ਲਈ ਲਾਹੇਵੰਦ ਹੈ ਤੇ ਇਸ ਨਾਲ ਕਿਸਾਨਾਂ ਲਈ ਕਰਜ਼ੇ ਦੀ ਵੰਡ ਅਤੇ ਮਨਜ਼ੂਰੀ ਦੇ ਨਾਲ-ਨਾਲ ਫ਼ੈਸਲੇ ਲੈਣ ਵਿਚ ਵੀ ਤੇਜ਼ੀ ਆਵੇਗੀ| ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਬੈਂਕ ਦੇ ਸਟਾਫ਼ ਟਰੇਨਿੰਗ ਸੈਂਟਰ ਵਿਚ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਆਨਲਾਈਨ ਉਦਘਾਟਨ ਵੀ ਕੀਤਾ| ਇਸ ਮੌਕੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਰਾਜੀਵ ਕੁਮਾਰ ਗੁਪਤਾ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ।