ਪੱਤਰ ਪ੍ਰੇਰਕ
ਅਟਾਰੀ, 16 ਜੁਲਾਈ
ਗੁਜਰਾਤ ਦੀ ਭੁੱਜ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਪਾਕਿਸਤਾਨੀ ਮਛੇਰੇ ਦੀ ਕਿਸੇ ਬਿਮਾਰੀ ਕਾਰਨ ਹਸਪਤਾਲ ਵਿੱਚ ਮੌਤ ਹੋ ਜਾਣ ਮਗਰੋਂ ਅੱਜ ਉਸ ਦੀ ਲਾਸ਼ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨੀ ਰੇਂਜਰਾਂ ਹਵਾਲੇ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਤਿਆਗੀ ਉਰਫ ਮੁਨੱਵਰ (22) ਵਾਸੀ ਪਾਕਿਸਤਾਨ ਜੇਆਈਸੀ ਜੇਲ੍ਹ ਭੁੱਜ (ਗੁਜਰਾਤ) ਵਿੱਚ ਬੰਦ ਸੀ। ਉਸ ਦਾ ਇਲਾਜ ਜੀਕੇ ਜਨਰਲ ਹਸਪਤਾਲ ’ਚ ਚੱਲ ਰਿਹਾ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੁਜਰਾਤ ਦੀ ਪੁਲੀਸ ਨੇ ਉਸ ਦੀ ਲਾਸ਼ ਸੰਗਠਿਤ ਚੈੱਕ ਪੋਸਟ ਅਟਾਰੀ ਪਹੁੰਚਾਈ। ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਸਬ-ਇੰਸਪੈਕਟਰ ਜਸਬੀਰ ਸਿੰਘ ਨੇ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਰਿਆ ਮਗਰੋਂ ਉਸ ਦੀ ਲਾਸ਼ ਪਾਕਿਸਤਾਨ ਰੇਂਜਰ ਇੰਸਪੈਕਟਰ ਨਾਸਿਰ ਦੇ ਹਵਾਲੇ ਕਰ ਦਿੱਤੀ।