ਦਿਲਬਾਗ ਸਿੰਘ ਗਿੱਲ
ਅਟਾਰੀ, 22 ਅਗਸਤ
ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਸਰਹੱਦੀ ਚੌਕੀ ਪੁਲ ਮੋਰਾਂ ਨੇੜਿਓਂ ਭਾਰਤੀ ਖੇਤਰ ’ਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸੀਮਾ ਸੁਰੱਖਿਆ ਬਲ ਨੇ ਬੀਤੀ ਰਾਤ ਪਾਕਿਸਤਾਨ ਰੇਂਜਰਾਂ ਹਵਾਲੇ ਕਰ ਦਿੱਤਾ।
ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਦੱਸਿਆ ਕਿ ਇੱਕ ਪਾਕਿਸਤਾਨੀ ਨਾਗਰਿਕ 20 ਅਗਸਤ ਨੂੰ ਗਲਤੀ ਨਾਲ ਕੰਡਿਆਲੀ ਤਾਰ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ ਸੀ। ਉਸ ਨੂੰ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਅਣਜਾਣੇ ਵਿੱਚ ਭਾਰਤੀ ਖੇਤਰ ’ਚ ਦਾਖਲ ਹੋ ਗਿਆ ਸੀ। ਸੀਮਾ ਸੁਰੱਖਿਆ ਬਲ ਨੂੰ ਤਲਾਸ਼ੀ ਦੌਰਾਨ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਕਾਗ਼ਜ਼ੀ ਕਾਰਵਾਈ ਕਰਨ ਮਗਰੋਂ ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਅਮਿਤ ਨੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨੀ ਰੇਂਜਰ ਡਿਪਟੀ ਸੁਪਰਡੈਂਟ ਫੈਜ਼ਲ ਨੂੰ ਸੌਂਪ ਦਿੱਤਾ।