ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 24 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗਰੋਹ ਦੇ ਨਾਮ ’ਤੇ ਕਾਰੋਬਾਰੀਆਂ ਨੂੰ ਫਿਰੌਤੀਆਂ ਲਈ ਧਮਕਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਕੁਝ ਦਿਨ ਪਹਿਲਾਂ ਖਮਾਣੋਂ ਦੇ ਠੇਕੇਦਾਰ ਨੂੰ ਅਜਿਹੀ ਧਮਕੀ ਮਿਲੀ ਸੀ ਤੇ ਹੁਣ ਦੋ ਹੋਰ ਕਾਰੋਬਾਰੀਆਂ ਨੇ ਧਮਕੀ ਭਰੇ ਫੋਨ ਆਉਣ ਦੀ ਸ਼ਿਕਾਇਤਾਂ ਪੁਲੀਸ ਕੋਲ ਦਰਜ ਕਰਵਾਈਆਂ ਹਨ।
ਵੇਰਵਿਆਂ ਅਨੁਸਾਰ ਚੁੰਨੀ ਕਲਾਂ ਵਿੱਚ ਗੇਟ ਦੀਆਂ ਗਰਿੱਲਾਂ ਬਣਾਉਣ ਦਾ ਕੰਮ ਕਰਨ ਵਾਲੇ ਮਨਪ੍ਰੀਤ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਉਸ ਦੇ ਮੋਬਾਈਲ ਫੋਨ ’ਤੇ ਅਣਪਛਾਤੇ ਨੰਬਰ ਤੋਂ ਵਟਸਐੱਪ ਕਾਲ ਆਈ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ ਬੋਲ ਰਿਹਾ ਹੈ ਤੇ ਉਸ ਦੇ ਬੰਦਿਆਂ ਵੱਲੋਂ ਰੇਕੀ ਕੀਤੀ ਜਾ ਰਹੀ ਹੈ। ਫੋਨ ਕਰਨ ਵਾਲੇ ਨੇ ਉਸ ਤੋਂ ਪੈਸਿਆਂ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਗੋਲੀ ਮਾਰ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਪਿੰਡ ਭਗੜਾਣਾ ਦੇ ਵਸਨੀਕ ਅਤੇ ਲਾਂਡਰਾਂ ਵਿੱਚ ਡੀਜੇ ਦਾ ਕੰਮ ਕਰਨ ਵਾਲੇ ਰਣਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਫੋਨ ’ਤੇ ਕਿਸੇ ਵਿਅਕਤੀ ਨੇ ਕਾਲ ਕਰਕੇ 5 ਲੱਖ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਗੋਲਡੀ ਬਰਾੜ ਗੈਂਗ ਦਾ ਬੰਦਾ ਬੋਲ ਰਿਹਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ’ਚ ਪੁਲੀਸ ਨੇ ਕੇਸ ਦਰਜ ਕਰ ਲਏ ਹਨ।