ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਜੁਲਾਈ
ਬੱਸ ਹਾਦਸੇ ’ਚ ਜ਼ਖ਼ਮੀ ਹੋਈਆਂ ਸਵਾਰੀਆਂ ਦਾ ਹਾਲ ਪੁੱਛਣ ਲਈ ਅੱਜ ਸਿਵਲ ਹਸਪਤਾਲ, ਮੋਗਾ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸਿਹਤ ਕਾਮਿਆਂ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਟਰਾਂਸਕੋ ਦੇ ਕੱਚੇ ਕਾਮਿਆਂ ਨੇ ਵਖ਼ਤ ਪਾਈ ਰੱਖਿਆ। ਸਿਹਤ ਕਾਮਿਆਂ ਵੱਲੋਂ ਕਾਲੀਆਂ ਝੰਡੀਆਂ ਵਿਖਾਉਣ ਦਾ ਪਤਾ ਲੱਗਣ ’ਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਤਾਂ ਮੰਤਰੀ ਨਾਲ ਮੁਲਾਕਾਤ ਕਰਵਾ ਦਿੱਤੀ ਪਰ ਬਿਜਲੀ ਮੁਲਾਜ਼ਮਾਂ ਦੀ ਮੰਤਰੀ ਵੱਲੋਂ ਕੋਈ ਸਾਰ ਨਹੀਂ ਲਈ ਗਈ। ਇਸ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਨੇ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ।
ਇਸ ਮੌਕੇ ਕੱਚੇ ਬਿਜਲੀ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਉਨ੍ਹਾਂ ਅੱਜ ਮੰਤਰੀ ਦਾ ਘਿਰਾਓ ਕੀਤਾ। ਉਨ੍ਹਾਂ ਕੱਚੇ ਬਿਜਲੀ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਹਾਦਸਾ ਪੀੜਤ ਕਾਮਿਆਂ ਨੂੰ ਮੁਆਵਜ਼ੇ ਸਮੇਤ ਪੱਕੀ ਨੌਕਰੀ ਦੇਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ 10 ਨਵੰਬਰ, 2019 ਨੂੰ ਕੱਚਾ ਬਿਜਲੀ ਮੁਲਾਜ਼ਮ ਲਵਪ੍ਰੀਤ ਸਿੰਘ ਵਾਸੀ ਹਰੀਪੁਰਾ ਬਸਤੀ, ਸੰਗਰੂਰ ਬਿਜਲੀ ਸਪਲਾਈ ਦਾ ਨੁਕਸ ਠੀਕ ਕਰਦਿਆਂ 90 ਫ਼ੀਸਦੀ ਝੁਲਸ ਗਿਆ ਸੀ। ਉਸ ਦੀ ਇੱਕ ਲੱਤ ਕੱਟ ਦਿੱਤੀ ਗਈ, ਦੂਜੀ ਵਿੱਚ ਰਾਡ ਪਾਈ ਗਈ ਤੇ ਪੇਟ ਦੀ ਵੀ ਸਰਜਰੀ ਹੋਈ। ਕਰੀਬ ਪੌਣੇ ਦੋ ਸਾਲ ਤੋਂ ਉਹ ਬੈੱਡ ’ਤੇ ਹੈ। ਪਾਵਰਕੌਮ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਵਿੱਚ ਜੂਨੀਅਰ ਇੰਜਨੀਅਰ ਦੀ ਲਾਪ੍ਰਵਾਹੀ ਤਾਂ ਮੰਨ ਲਈ ਪਰ ਪੀੜਤ ਦੀ ਕੋਈ ਮਦਦ ਨਹੀਂ ਕੀਤੀ। ਇਸ ਦੌਰਾਨ ਲਵਪ੍ਰੀਤ ਸਿੰਘ ਦੀ ਮਾਤਾ ਗੁਰਪ੍ਰੀਤ ਕੌਰ ਦੀ ਵੀ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ।
ਠੇਕਾਂ ਮੁਲਾਜ਼ਮਾਂ ਵੱਲੋਂ ਸਿਹਤ ਮੰਤਰੀ ਦਾ ਘਿਰਾਓ
ਬਰਨਾਲਾ (ਰਵਿੰਦਰ ਰਵੀ): ਸ਼ਿਕਾਇਤ ਨਿਵਾਰਨ ਕਮੇਟੀ ਨਾਲ ਮੀਟਿੰਗ ਕਰਨ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅੱਜ ਠੇਕਾ ਮੁਲਾਜ਼ਮਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਪੁਲੀਸ ਨੇ ਸਿਹਤ ਮੰਤਰੀ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਸੁਰੱਖਿਆ ਘੇਰਾ ਬਣਾ ਕੇ ਬਾਹਰ ਕੱਢਿਆ। ਇਸ ਮੌਕੇ ਪ੍ਰਦਰਸ਼ਨਕਾਰੀ ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਕਾਰਨ ਸਿਹਤ ਮੰਤਰੀ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਘਿਰਾਓ ਕੀਤਾ ਗਿਆ। ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ’ਚ ਹੋਏ ਵਿਕਾਸ ਕਾਰਜਾਂ ਦੀਆਂ ਸ਼ਿਕਾਇਤਾਂ ਭਾਰੂ ਰਹੀਆਂ। ਨਗਰ ਕੌਂਸਲ ਅਤੇ ਨਗਰ ਸੁਧਾਰ ਟਰੱਸਟ ਵੱਲੋਂ ਕੀਤੇ ਵਿਕਾਸ ਕਾਰਜਾਂ ’ਚ ਬੇਨਿਯਮੀਆਂ ਬਾਰੇ ਵੀ ਸ਼ਿਕਾਇਤਾਂ ਕੀਤੀਆਂ ਗਈਆਂ। ਬਲਬੀਰ ਸਿੱਧੂ ਨੇ ਬਰਨਾਲਾ ਵਿੱਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਜਲਦੀ ਭਰਨ ਦਾ ਭਰੋਸਾ ਦਿੱਤਾ। ਠੇਕਾ ਮੁਲਾਜ਼ਮਾਂ ਦੇ ਪ੍ਰਦਰਸ਼ਨ ਸਬੰਧੀ ਉਨ੍ਹਾਂ ਕਿਹਾ ਕਿ ਸੂਬਾ ਪੱਧਰ ’ਤੇ ਸਰਕਾਰ ਵੱਲੋਂ ਕਮੇਟੀ ਬਣਾਈ ਗਈ ਹੈ। ਜੋ ਸਹੀ ਕੰਟਰੈਕਟ ਆਧਾਰ ’ਤੇ ਭਰਤੀ ਹੋਏ ਹਨ, ਉਨ੍ਹਾਂ ਨੂੰ ਰੈਗੂਲਰ ਅਤੇ ਤਰੱਕੀ ਦਿੱਤੀ ਜਾ ਰਹੀ ਹੈ। ਅਯੋਗ ਵਿਅਕਤੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਸਕਦਾ।