ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਗਸਤ
ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਅੱਜ ਇੱਥੇ ਮ੍ਰਿਤਕ ਕਰਮਚਾਰੀਆਂ ਦੇ 170 ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਹਨ। ਪੰਜਾਬ ਭਵਨ ਵਿੱਚ ਕਰਵਾਏ ਗਏ ਇਕ ਸਮਾਗਮ ਦੌਰਾਨ ਇਨ੍ਹਾਂ ਉਮੀਦਵਾਰਾਂ ਨੂੰ ਗਰੁੱਪ ‘ਸੀ’ ਅਤੇ ਗਰੁੱਪ ‘ਡੀ’ ਵਿੱਚ ਨੌਕਰੀ ਦਿੱਤੀ ਗਈ ਹੈ। ਰਜ਼ੀਆ ਸੁਲਤਾਨਾ ਨੇ ਜਿੱਥੇ ਸਭਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ, ਉੱਥੇ ਹੀ ਤਨ-ਮਨ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਕੁੱਲ ਉਮੀਦਵਾਰਾਂ ਵਿੱਚੋਂ 15 ਜਣਿਆਂ ਨੂੰ ਟਰਾਂਸਪੋਰਟ ਵਿਭਾਗ ਵਿਚ ਕਲਰਕ (ਗੁਰੱਪ ਸੀ), 8 ਨੂੰ ਵਰਕਸ਼ਾਪ ਸਟਾਫ (ਗੁਰੱਪ ਸੀ) ਤੇ 84 ਉਮੀਦਵਾਰਾਂ ਨੂੰ ਗਰੁੱਪ ‘ਡੀ’ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ। ਬਾਕੀ ਉਮੀਦਵਾਰਾਂ ਵਿੱਚੋਂ 7 ਨੂੰ ਕੋਆਪ੍ਰੇਟਿਵ ਸੁਸਾਇਟੀ ਪੰਜਾਬ ’ਚ ਗਰੁੱਪ ‘ਸੀ’ ਤੇ 35 ਨੂੰ ਗਰੁੱਪ ‘ਡੀ’ ’ਚ 21 ਉਮੀਦਵਾਰਾਂ ਨੂੰ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਵਿੱਚ ਗਰੁੱਪ ‘ਡੀ’ ਦੇ ਨਿਯੁਕਤੀ ਪੱਤਰ ਸੌਂਪੇ ਗਏ ਹਨ।