ਸੰਜੀਵ ਬੱਬੀ
ਚਮਕੌਰ ਸਾਹਿਬ, 1 ਜਨਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਵੇਂ ਸਾਲ ਮੌਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਚਮਕੌਰ ਸਾਹਿਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਚਮਕੌਰ ਸਾਹਿਬ ਵਿਖੇ ਸਿਟੀ ਸੈਂਟਰ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਸ੍ਰੀ ਚੰਨੀ ਨੇ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ 200 ਐੱਲਪੀਐੱਮ ਪੀਸੀਏ ਆਕਸੀਜਨ ਜੈਨਰੇਸ਼ਨ ਪਲਾਂਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਦਿੱਲੀ ਹੈਲਥ ਮਾਡਲ ਕਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਦਾਅਵਾ ਕਰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਦਿੱਲੀ ਸਿਹਤ ਅਤੇ ਸਿੱਖਿਆ ਮਾਡਲਾਂ ਦੇ ਝੂਠੇ ਵਾਅਦੇ ਕਰ ਰਿਹਾ ਹੈ ਪਰ ਪੰਜਾਬ ਵਾਸੀ ਉਸ ਦੇ ਇਨ੍ਹਾਂ ਝਾਂਸਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿਉਂਕਿ ਹੁਣ ਲੋਕ ਸਮਝ ਚੁੱਕੇ ਹਨ ਕਿ ਜਿਹੜਾ ਵਿਅਕਤੀ ਦਿੱਲੀ ਵਰਗੇ ਸ਼ਹਿਰ ਨੂੰ ਸਹੀ ਢੰਗ ਨਾਲ ਸੰਭਾਲ ਨਹੀਂ ਸਕਿਆ, ਉਹ ਪੰਜਾਬ ਨੂੰ ਕਿਵੇਂ ਚਲਾਏਗਾ। ਸ੍ਰੀ ਚੰਨੀ ਨੇ ਕਿਹਾ ਕਿ ਇਸ ਧਾਰਮਿਕ ਨਗਰੀ ਤੋਂ ਸੂਬੇ ਦੇ ਨੌਜਵਾਨਾਂ ਨੂੰ ਖੇਡ ਸੱਭਿਆਚਾਰ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ 2 ਹਾਕੀ ਸਟੇਡੀਅਮਾਂ ਤੇ 5 ਫੁਟਬਾਲ ਸਟੇਡੀਅਮਾਂ ਲਈ 7 ਐਸਟੋਟਰਫ ਵਿਛਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 5.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇਨ੍ਹਾਂ ਸਟੇਡੀਅਮਾਂ ਦਾ ਚਮਕੌਰ ਸਾਹਿਬ, ਪਿੰਡ ਮਹਿਤੋਤ, ਢੰਗਰਾਲੀ, ਕਕਰਾਲੀ, ਬਲਮਗੜ੍ਹ ਮੰਦਵਾੜਾ ਅੇ ਬਹਿਰਾਮਪੁਰ ਜ਼ਿਮੀਦਾਰਾਂ ਸਮੇਤ ਖਰੜ ਸ਼ਹਿਰ ਨੂੰ ਭਰਪੂਰ ਲਾਭ ਹੋਵੇਗਾ। ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀਐੱਸ ਚਾਨਾ ਅਤੇ ਐੱਸਡੀਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 5.60 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸਿਟੀ ਸੈਂਟਰ ਚਾਰ ਏਕੜ ਰਕਬੇ ਵਿੱਚ ਫ਼ੈਲਿਆ ਹੋਇਆ ਹੈ। ਇਸ ਸੈਂਟਰ ਵਿੱਚ ਕੈਫੇਟੇਰੀਆ, ਲੜਕੀਆਂ ਲਈ ਜਿੰਮ, ਦੋ ਬਹੁਮੰਤਵੀ ਹਾਲ ਅਤੇ ਵਿਸ਼ੇਸ਼ ਤੌਰ ’ਤੇ ਲੜਕੀਆਂ ਲਈ ਦੋ ਏਕੜ ਵਿੱਚ ਖੇਡ ਦੇ ਮੈਦਾਨ ਦਾ ਪ੍ਰਬੰਧ ਹੈ, ਉੱਥੇ ਹੀ ਇਸ ਸਿਟੀ ਸੈਂਟਰ ਨੂੰ ਲੋਕਾਂ ਦੇ ਜਨਤਕ ਇਕੱਠਾਂ ਲਈ ਵੀ ਵਰਤਿਆ ਜਾ ਸਕੇਗਾ।