ਖੇਤਰੀ ਪ੍ਰਤੀਨਿਧ
ਪਟਿਆਲਾ, 16 ਜਨਵਰੀ
ਸਨੌਰ ਦੇ ਹਲਕਾ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਐਤਕੀਂ ਦੂਜੀ ਵਾਰ ਕਾਂਗਰਸ ਪਾਰਟੀ ਦੀ ਟਿਕਟ ਮਿਲਣ ’ਤੇ ਇੱਕ ਧੜੇ ਨੇ ਬਗਾਵਤ ਕਰ ਦਿੱਤੀ ਹੈ। ਹਲਕੇ ਦੇ ਵੱਡੀ ਗਿਣਤੀ ਕਾਂਗਰਸੀ ਵਰਕਰ ਇਕੱਠੇ ਹੋ ਕੇ ਅੱਜ ਪਟਿਆਲਾ ਸ਼ਹਿਰ ’ਚ ਸਥਿਤ ਲਾਲ ਸਿੰਘ ਦੀ ਸਰਕਾਰੀ ਕੋਠੀ ਪੁੱਜੇ। ਉਹ ਹੈਰੀਮਾਨ ਨੂੰ ਬਾਹਰਲਾ ਬੰਦਾ ਕਹਿ ਕੇ ਟਿਕਟ ਮਿਲਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪਾਰਟੀ ਹਾਈ ਕਮਾਨ ਇਹ ਫੈਸਲਾ ਵਾਪਸ ਲਵੇ ਤੇ ਕਿਸੇ ਹੋਰ ਆਗੂ ਨੂੰ ਟਿਕਟ ਦੇਵੇ। ਉਨ੍ਹਾਂ ਹਾਈ ਕਮਾਨ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਵੀ ਦਿੱਤਾ। ਜਿਸ ਦੌਰਾਨ ਟਿਕਟ ਵਾਪਸ ਨਾ ਲੈਣ ’ਤੇ 20 ਜਨਵਰੀ ਨੂੰ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਇਕੱਠ ਕਰਕੇ ਕੋਈ ਅਹਿਮ ਐਲਾਨ ਕਰਨ ਦੀ ਚੇਤਾਵਨੀ ਵੀ ਦਿੱਤੀ। ਅਸਲ ’ਚ ਹਲਕਾ ਸਨੌਰ (ਜਿਸ ਦਾ ਪਹਿਲਾ ਨਾਮ ਡਕਾਲ਼ਾ ਸੀ) ਤੋਂ 1977 ਤੋਂ 2012 ’ਚ ਲਗਾਤਾਰ ਅੱਠ ਵਾਰ ਟਕਸਾਲੀ ਆਗੂ ਲਾਲ ਸਿੰਘ ਕਾਂਗਰਸ ਉਮੀਦਵਾਰ ਬਣਦੇ ਰਹੇ ਹਨ। ਇਸ ਦੌਰਾਨ ਛੇ ਵਾਰ ਵਿਧਾਇਕ ਬਣ ਕੇ ਉਹ ਕਈ ਵਾਰ ਵਜ਼ੀਰ ਵੀ ਰਹੇ ਹਨ। ਪਰ 2017 ’ਚ ਲਾਲ਼ ਸਿੰਘ ਦੇ ਫਰਜ਼ੰਦ ਕਾਕਾ ਰਾਜਿੰਦਰ ਸਿੰਘ ਨੂੰ ਪਾਰਟੀ ਨੇ ਸਮਾਣਾ ਤੋਂ ਟਿਕਟ ਦੇ ਦਿੱਤੀ ਤੇ ਪਰਿਵਾਰ ’ਚ ਇੱੱਕ ਟਿਕਟ ਦੇ ਫ਼ਾਰਮੂਲੇ ਤਹਿਤ ਲਾਲ ਸਿੰਘ ਟਿਕਟ ਤੋਂ ਵਾਂਝੇ ਰਹਿ ਗਏ। ਜਿਸ ਕਾਰਨ ਹੈਰੀਮਾਨ ਨੂੰ ਸਨੌਰ ਤੋਂ ਟਿਕਟ ਦਿੱਤੀ ਗਈ ਤੇ ਉਹ ਪੰਜ ਹਜ਼ਾਰ ਵੋਟਾਂ ’ਤੇ ਹਾਰ ਗਏ। ਐਤਕੀਂ ਫੇਰ ਕਾਕਾ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ ਹੀ ਟਿਕਟ ਮਿਲੀ ਹੈ। ਪਰ ਲਾਲ ਸਿੰਘ ਐਤਕੀਂ ਵੀ ਸਨੌਰ ਤੋਂ ਖੁੱਲ੍ਹੇਆਮ ਟਿਕਟ ਮੰਗਦੇ ਰਹੇ ਹਨ। ਜਿਸ ਲਈ ਉਨ੍ਹਾਂ ਵੱਡਾ ਇਕੱਠ ਵੀ ਕੀਤਾ। ਹੈਰੀਮਾਨ ਵੀ ਲਾਲ ਸਿੰਘ ’ਤੇ ਅਕਾਲੀਆਂ ਨਾਲ਼ ਰਲ਼ ਕੇ ਉਨ੍ਹਾਂ ਨੂੰ ਹਰਾਉਣ ਦੇ ਦੋਸ਼ ਲਾਉਂਦੇ ਆਏ ਹਨ।
ਅੱਜ ਲਾਲ ਸਿੰਘ ਦੇ ਘਰ ਪੁੱਜਣ ਵਾਲ਼ਿਆਂ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਕਾਰਜਕਾਰੀ) ਗੁਰਮੀਤ ਬਿੱਟੂ, ਪੰਚਾਇਤ ਸਮਿਤੀ ਮੈਂਬਰ ਸਿਮਰਜੀਤ ਬਰਕਤਪੁਰ ਸਮੇਤ ਪਰਗਟ ਰੱਤਾਖੇੜਾ, ਕਰਨੈਲ ਉਪਲੀ, ਚੰਦਰ ਦੱਤ ਅਤੇ ਚਰਨਜੀਤ ਭੈਣੀ ਆਦਿ ਸ਼ਾਮਲ ਸਨ।