ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਨਵੰਬਰ
ਨਿਊਯਾਰਕ ਵਿਧਾਨ ਸਭਾ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਵੱਲੋਂ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ ਹੈ। ਇਹ ਖੁਲਾਸਾ ਸਿੱਖ ਜਥੇਬੰਦੀ ‘ਵਰਲਡ ਸਿੱਖ ਪਾਰਲੀਮੈਂਟ’ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕੀਤਾ ਹੈ।
ਹਿੰਮਤ ਸਿੰਘ ਨੇ ਦੱਸਿਆ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੇ 345ਵੇਂ ਸ਼ਹੀਦੀ ਦਿਹਾੜੇ ਅਤੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਨਿਊਯਾਰਕ ਸਿੱਖ ਸੈਂਟਰ ਦੇ ਗੁਰਦੁਆਰੇ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਨਿਊਯਾਰਕ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਨਿਊਯਾਰਕ ਵਿਧਾਨ ਸਭਾ ਦੀ ਮੈਂਬਰ ਕੈਟਲੀਨਾ ਕਰੂਜ਼ ਨੇ ਇੱਕ ਅਧਿਕਾਰਤ ਪੱਤਰ ਪੜ੍ਹਿਆ, ਜਿਸ ਵਿੱਚ ਗੁਰੂ ਸਾਹਿਬ ਵੱਲੋਂ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਲਈ ਦਿੱਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਨਿਊਯਾਰਕ ਵਿਧਾਨ ਸਭਾ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਨੂੰ ਸਦੀਵੀਂ ਮਾਨਤਾ ਦੇਣ ਵਾਸਤੇ ਮਤਾ ਲਿਆਂਦਾ ਜਾਵੇਗਾ। ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਦਿਨ ਵਜੋਂ ਮਨਾਉਣ ਦੀ ਵੀ ਹਾਮੀ ਭਰੀ ਗਈ। ਸਮਾਗਮ ਵਿੱਚ ਵਿਧਾਨ ਸਭਾ ਨਾਲ ਸਬੰਧਤ ਜੈਸਿਕਾ ਗੋਜਲੇਜ਼ ਨੇ ਵੀ ਸ਼ਿਰਕਤ ਕੀਤੀ।
ਅੱਜ ਇੱਥੇ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੇ ਨਿਊਯਾਰਕ ਦੀ ਵਿਧਾਨ ਸਭਾ ਵੱਲੋਂ ਗੁਰੂ ਸਾਹਿਬ ਨੂੰ ‘ਮਨੁੱਖੀ ਅਧਿਕਾਰਾਂ ਦੇ ਰਾਖੇ’ ਵਜੋਂ ਮਾਨਤਾ ਦੇਣ ਦੇ ਫ਼ੈਸਲੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਆਖਿਆ ਕਿ ਵਿਦੇਸ਼ ਵੱਸਦੇ ਸਿੱਖ ਭਾਈਚਾਰੇ ਵਾਸਤੇ ਇਹ ਵੱਡੀ ਪ੍ਰਾਪਤੀ ਹੈ। ਸੰਸਥਾ ਦੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਗ ਸਿੰਘ ਅਣਖੀ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਵੀ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ।