ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਕਤੂਬਰ
ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵਿਚ ਚੀਫ ਖਾਲਸਾ ਦੀਵਾਨ ਦੇ ਨੁਮਾਇੰਦੇ ਵਜੋਂ ਬਤੌਰ ਮੈਂਬਰ ਨਾਮਜ਼ਦ ਕਰਨ ਲਈ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਨੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਇਹ ਸਿਫਾਰਸ਼ ਪਟਨਾ ਸਾਹਿਬ ਦੇ ਜ਼ਿਲ੍ਹਾ ਜੱਜ ਨੂੰ ਭੇਜੀ ਗਈ ਹੈ ਜੋ ਪ੍ਰਬੰਧਕੀ ਬੋਰਡ ਦੇ ਕਸਟੋਡੀਅਨ ਵੀ ਹਨ। ਇਹ ਖੁਲਾਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀਵਾਨ ਦੇ ਨੁਮਾਇੰਦੇ ਵਜੋਂ ਭਾਈ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਮੈਂਬਰ ਸਨ, ਜਿਨ੍ਹਾਂ ਦੀ ਬੀਤੇ ਦਿਨੀਂ ਕਰੋਨਾ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਭਾਈ ਬਾਗੜੀਆ 42 ਵਰ੍ਹਿਆਂ ਤੋਂ ਦੀਵਾਨ ਨਾਲ ਜੁੜੇ ਹੋਏ ਹਨ।