ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਦੇ ਵਧਦੇ ਪ੍ਰਕੋਪ ਦੌਰਾਨ ਲੰਘੇ ਇੱਕ ਦਿਨ ’ਚ 217 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਜਦੋਂ ਇੱਕ ਦਿਨ ’ਚ ਦੋ ਸੌ ਤੋਂ ਵੱਧ ਮੌਤਾਂ ਹੋਈਆਂ ਹਨ। ਇਸੇ ਅਰਸੇ ਦੌਰਾਨ 8,668 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 4.59 ਲੱਖ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 3.71 ਲੱਖ ਸਿਹਤਯਾਬ ਵੀ ਹੋ ਚੁੱਕੇ ਹਨ ਤੇ ਹੁਣ ਤੱਕ 10,918 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਇੱਕ ਦਿਨ ਦੌਰਾਨ ਲੁਧਿਆਣਾ ’ਚ 30, ਬਠਿੰਡਾ 27, ਪਟਿਆਲ਼ਾ ਤੇ ਅੰਮ੍ਰਿਤਸਰ 17-17, ਮੁਕਤਸਰ ਤੇ ਸੰਗਰੂਰ 13-13, ਫਾਜ਼ਿਲਕਾ 12, ਫ਼ਿਰੋਜ਼ਪੁਰ 10, ਗੁਰਦਾਸਪੁਰ, ਜਲੰਧਰ, ਮੁਹਾਲੀ ਤੇ ਹੁਸ਼ਿਆਰਪੁਰ 9-9, ਪਠਾਨਕੋਟ ਤੇ ਫਰੀਦਕੋਟ 8-8, ਮਾਨਸਾ ਤੇ ਕਪੂਰਥਲਾ 5-5, ਫ਼ਤਿਹਗੜ੍ਹ ਸਾਹਿਬ, ਨਵਾਂ ਸ਼ਹਿਰ ਤੇ ਤਰਨਤਾਰਨ 4-4 ਅਤੇ ਰੋਪੜ ਤੇ ਬਰਨਾਲਾ ’ਚ 2-2 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਦੌਰਾਨ ਗੁਆਂਂਢੀ ਸੂਬੇ ਹਰਿਆਣਾ ਵਿੱਚ ਅੱਜ ਕਰੋਨਾ ਦੀ ਲਾਗ ਕਰਕੇ 144 ਜਣਿਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 5910 ’ਤੇ ਪਹੁੰਚ ਗਿਆ ਹੈ।