ਦਵਿੰਦਰ ਪਾਲ
ਚੰਡੀਗੜ੍ਹ, 6 ਅਗਸਤ
ਪੰਜਾਬ ਵਿੱਚ ਲਗਾਤਾਰ ਫੈਲ ਰਹੇ ਕਰੋਨਾਵਾਇਰਸ ਕਾਰਨ 26 ਹੋਰ ਵਿਅਕਤੀਆਂ ਦੀ ਪਿਛਲੇ 24 ਘੰਟਿਆਂ ’ਚ ਮੌਤ ਹੋ ਗਈ ਹੈ। ਸੂਬੇ ਵਿੱਚ ਅੱਜ ਇੱਕ ਦਿਨ ’ਚ ਸਭ ਤੋਂ ਵੱਧ 1049 ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 21 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਣ ਦਾ ਰੁਝਾਨ ਜਾਰੀ ਹੈ। ਇਸ ਜ਼ਿਲ੍ਹੇ ਵਿੱਚ ਇੱਕ ਦਿਨ ’ਚ 13, ਜਲੰਧਰ ਵਿੱਚ 7, ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਪਟਿਆਲਾ, ਸੰਗਰੂਰ ਅਤੇ ਤਰਨ ਤਾਰਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਸੱਜਰੇ ਮਾਮਲਿਆਂ ਵਿੱਚ ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 190, ਬਠਿੰਡਾ ਵਿੱਚ 150, ਪਟਿਆਲਾ ਵਿੱਚ 136, ਜਲੰਧਰ ਵਿੱਚ 114, ਮੁਹਾਲੀ ਵਿੱਚ 104, ਅੰਮ੍ਰਿਤਸਰ ਵਿੱਚ 60, ਗੁਰਦਾਸਪੁਰ ਵਿੱਚ 54, ਮੋਗਾ ਵਿੱਚ 46, ਬਰਨਾਲਾ ਤੇ ਫਿਰੋਜ਼ਪੁਰ ਵਿੱਚ 33-33, ਫਤਿਹਗੜ੍ਹ ਸਾਹਿਬ ਵਿੱਚ 17, ਮੁਕਤਸਰ ਵਿੱਚ 15, ਸੰਗਰੂਰ, ਤਰਨ ਤਾਰਨ ਵਿੱਚ 14-14, ਹੁਸ਼ਿਆਰਪੁਰ, ਪਠਾਨਕੋਟ, ਵਿੱਚ 11-11, ਫਾਜ਼ਿਲਕਾ ਵਿੱਚ 7, ਕਪੂਰਥਲਾ ਤੇ ਮਾਨਸਾ ਵਿੱਚ 6-6, ਨਵਾਂਸ਼ਹਿਰ ਅਤੇ ਰੋਪੜ ਵਿੱਚ 3-3 ਮਾਮਲੇ ਸਾਹਮਣੇ ਆਏ ਹਨ। ਕੁੱਲ ਮਾਮਲੇ ਵੱਧ ਕੇ 20891 ਤੱਕ ਪਹੁੰਚ ਗਏ ਹਨ। ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਜਿੱਥੇ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ ਉਨ੍ਹਾਂ ਵਿੱਚ ਲੁਧਿਆਣਾ (4426 ਕੇਸ ਅਤੇ ਮੌਤਾਂ 144), ਜਲੰਧਰ (2845 ਕੇਸ ਤੇ ਮੌਤਾਂ 71), ਅੰਮ੍ਰਿਤਸਰ (2137 ਕੇਸ ਤੇ ਮੌਤਾਂ 87), ਪਟਿਆਲਾ (2258 ਕੇਸ ਤੇ ਮੌਤਾਂ 44), ਸੰਗਰੂਰ (1194 ਕੇਸ ਤੇ ਮੌਤਾਂ 33) ਅਤੇ ਮੁਹਾਲੀ (1080 ਕੇਸ ਤੇ ਮੌਤਾਂ 17) ਸ਼ਾਮਲ ਹਨ।