ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜਨਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲਾਲ ਕਿਲੇ ’ਚ ਹਿੰਸਾ ਦੇ ਮਾਮਲੇ ’ਚ ਆਮ ਆਦਮੀ ਪਾਰਟੀ ’ਤੇ ਉਂਗਲ ਉਠਾਈ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਇਸ ਹਿੰਸਾ ਵਿਚ ਭੂਮਿਕਾ ਜੱਗ ਜ਼ਾਹਿਰ ਹੋ ਗਈ ਹੈ ਕਿਉਂਕਿ ‘ਆਪ’ ਦਾ ਆਗੂ ਅਮਰੀਕ ਮਿੱਕੀ ਲਾਲ ਕਿਲ੍ਹੇ ਵਿਚ ਖਾਲਸਾ ਫਲੈਗ ਨਾਲ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕ ਮਿੱਕੀ ਨੂੰ ‘ਆਪ’ ਦੇ ਕੌਮੀ ਬੁਲਾਰੇ ਸੰਜੇ ਸਿੰਘ ਦੀ ਹਾਜ਼ਰੀ ਵਿਚ 8 ਜਨਵਰੀ 2020 ਨੂੰ ‘ਆਪ’ ਵਿਚ ਸ਼ਾਮਲ ਕਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ‘ਆਪ’ ਦੇ ਰਾਘਵ ਚੱਢਾ ਮੁੱਕਰ ਰਹੇ ਹਨ ਕਿ ਅਮਰੀਕ ਮਿੱਕੀ ਨਾਲ ‘ਆਪ’ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਅਮਰੀਕ ਮਿੱਕੀ ਖ਼ਿਲਾਫ਼ ਫੌਰੀ ਐਕਸ਼ਨ ਲਿਆ ਜਾਵੇ।