ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਗਸਤ
ਪੰਜਾਬ ਸਰਕਾਰ ਵੱਲੋਂ ਪਾਬੰਦੀ ਅਧੀਨ ਰੱਖੀ ਗਈ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਨੇ ਇਕ ਵਾਰ ਮੁੜ ਰਾਇਸ਼ੁਮਾਰੀ-2020 ਲਈ ਭਲਕੇ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਸਮੂਹ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ‘ਸਿੱਖਸ ਫਾਰ ਜਸਟਿਸ’ ਵੱਲੋਂ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਉਹ ਸ੍ਰੀ ਅਕਾਲ ਤਖ਼ਤ ’ਤੇ 23 ਅਗਸਤ ਨੂੰ ਕੀਤੇ ਜਾਣ ਵਾਲੀ ਅਰਦਾਸ ਨੂੰ ਰੋਕ ਸਕਦੀ ਹੈ ਤਾਂ ਰੋਕੇ। ਵੀਡੀਓ ਵਿਚ ਕਿਹਾ ਜਾ ਰਿਹਾ ਹੈ ਕਿ ਜਥੇਬੰਦੀ ਦੇ ਗੁਰਪਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਹੈ ਕਿ 23 ਅਗਸਤ ਨੂੰ ਪੰਜਾਬ ਦਾ ਕੋਈ ਵੀ ਸਿੱਖ ਅਰਦਾਸੀਆ ਸਿੰਘ ਜੇਕਰ ਸ੍ਰੀ ਅਕਾਲ ਤਖ਼ਤ ’ਤੇ ਸਿੱਖ ਕੌਮ ਦੀ ਚੜ੍ਹਦੀ ਕਲਾ, ਖਾਲਿਸਤਾਨ ਅਤੇ ਰਾਇਸ਼ੁਮਾਰੀ ਬਾਰੇ ਅਰਦਾਸ ਕਰਦਾ ਹੈ ਅਤੇ ਆਪਣੀ ਵੀਡੀਓ ਜਥੇਬੰਦੀ ਨੂੰ ਭੇਜਦਾ ਹੈ ਤਾਂ ਉਸ ਨੂੰ ਪੰਜ ਹਜ਼ਾਰ ਡਾਲਰ ਦਿੱਤੇ ਜਾਣਗੇ। ਹਰਿਮੰਦਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਆਪਣੇ ਪੱਧਰ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੀ ਆਪਣੇ ਪੱਧਰ ’ਤੇ ਚੌਕਸ ਹੈ।