ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਗੁਰਮਤਿ ਦ੍ਰਿੜ ਕਰਵਾਉਣ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਦੌਰਾਨ ਸਿੱਖ ਸਰੋਕਾਰਾਂ ਪ੍ਰਤੀ ਪਾਬੰਦ ਰਹਿਣ ਲਈ 15 ਦਿਨਾਂ ਦੇ ਰਿਫਰੈਸ਼ਰ ਕੋਰਸ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਹਰ ਗੁਰਦੁਆਰੇ ਦੇ ਮੁੱਖ ਗ੍ਰੰਥੀ ਅਤੇ ਕਥਾਵਾਚਕਾਂ ਵੱਲੋਂ ਮੁਲਾਜ਼ਮਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਪਹਿਲਕਦਮੀ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਕੋਰਸ ਸਥਾਨਕ ਪੱਧਰ ’ਤੇ ਹੀ ਰੋਜ਼ਾਨਾ ਅੱਧਾ ਘੰਟਾ ਕਰਵਾਏ ਜਾਣਗੇ। ਉਨ੍ਹਾਂ ਸਿੱਖ ਜਥੇਬੰਦੀਆਂ, ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਤੇ ਸਿੰਘ ਸਭਾਵਾਂ ਨੂੰ ਵੀ ਹਰ ਗੁਰੂ ਘਰ ਤੋਂ ਰੋਜ਼ਾਨਾ ਕਥਾ ਸਮੇਂ ਸੰਗਤ ਨੂੰ ਸਿੱਖੀ ਬਾਰੇ ਮੁਢਲੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।