ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਕਤੂਬਰ
ਓਪਨ ਐਕਸਚੇਂਜ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਬਿਜਲੀ ਦਰਾਂ ’ਚ ਭਾਰੀ ਗਿਰਾਵਟ ਰਹੀ। ਅਕਤੂਬਰ ਦੇ ਬੀਤੇ 17 ਦਿਨਾਂ ਦੌਰਾਨ ਅੱਜ ਓਪਨ ਐਕਸਚੇਂਜ ’ਚ ਸਾਰੇ ਦਿਨਾਂ ਨਾਲੋਂ ਅੱਜ ਬਿਜਲੀ ਸਸਤੀ ਰਹੀ, ਜਿਸ ਕਾਰਨ ਪਾਵਰਕੌਮ ਨੂੰ ਵਿੱਤੀ ਰਾਹਤ ਮਿਲੀ। ਓਪਨ ਐਕਸਚੇਂਜ ਤਹਿਤ ਅੱਜ ਬਿਜਲੀ ਦੇ ਰੇਟ 4.28 ਰੁਪਏ ਪ੍ਰਤੀ ਯੂਨਿਟ ਰਹੇ, ਜਿਸ ਦੌਰਾਨ ਪਾਵਰਕੌਮ ਨੇ ਕਰੀਬ ਢਾਈ ਕਰੋੜ ਖਰਚ ਕੇ ਅੱਜ 5.75 ਮਿਲੀਅਨ ਯੂਨਿਟ ਬਿਜਲੀ ਖਰੀਦੀ। ਇਸ ਤਰ੍ਹਾਂ ਓਪਨ ਐਕਸਚੇਂਜ ਵਿੱਚ ਅੱਜ ਜਿੱਥੇ ਅਕਤੂਬਰ ਮਹੀਨੇ ’ਚ ਬਿਜਲੀ ਦੇ ਰੇਟ ਸਭ ਤੋਂ ਘੱਟ ਰਹੇ, ਉਥੇ ਹੀ ਪਾਵਰਕੌਮ ਨੇ ਸਭ ਤੋਂ ਘੱਟ ਬਿਜਲੀ ਖਰੀਦੀ। ਪਹਿਲੀ ਅਕਤੂਬਰ ਨੂੰ 4.55 ਰੁਪਏ ਦੇ ਹਿਸਾਬ ਨਾਲ 14.71 ਕਰੋੜ ’ਚ 32.33 ਮਿਲੀਅਨ ਯੂਨਿਟ ਬਿਜਲੀ ਖਰੀਦੀ ਸੀ ਜਦਕਿ ਸਭ ਤੋਂ ਵੱਧ 34.47 ਕਰੋੜ ’ਚ 29.62 ਮਿਲੀਅਨ ਯੂਨਿਟ ਬਿਜਲੀ 7 ਅਕਤੂਬਰ ਨੂੰ ਖ਼ਰੀਦਣੀ ਪਈ ਸੀ। ਇਸੇ ਤਰ੍ਹਾਂ 10 ਨੂੰ ਕਰੀਬ 32 ਕਰੋੜ ਦੀ, 11 ਅਕਤੂਬਰ ਨੂੰ 33.53 ਕਰੋੜ ਦੀ ਬਿਜਲੀ ਖਰੀਦੀ ਗਈ ਸੀ। ਇਸ ਤੋਂ ਇਲਾਵਾ ਪਾਵਰਕੌਮ ਨੂੰ ਪ੍ਰਤੀ ਦਿਨ, 11 ਕਰੋੜ, 16, 17, 21 ਅਤੇ 28 ਕਰੋੜ ਰੁਪਏ ਦੀ ਬਿਜਲੀ ਵੀ ਖ਼ਰੀਦਣੀ ਪਈ। ਪਾਵਰਕੌਮ ਨੂੰ ਅੱਜ ਸੂਬੇ ਵਿਚਲੇ ਸਾਰੇ ਸਰੋਤਾਂ ਤੋਂ ਕਰੀਬ 2800 ਅਤੇ ਬਾਹਰੋਂ ਲਗਭਗ 3200 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰਨਾ ਪਿਆ। ਇਸ ਤਰ੍ਹਾਂ ਸਪਲਾਈ ਦਾ ਅੰਕੜਾ ਛੇ ਹਜ਼ਾਰ ਦੇ ਕਰੀਬ ਰਿਹਾ, ਜਦਕਿ ਮੰਗ ਵੀ ਇਸ ਦੇ ਆਲੇ-ਦੁਆਲੇ ਹੀ ਰਹੀ, ਜਿਸ ਕਰਕੇ ਅੱਜ ਕੱਟ ਵੀ ਘੱਟ ਲੱਗੇ। ਇਸੇ ਦੌਰਾਨ ਕੋਲੇ ਦਾ ਸੰਕਟ ਅਜੇ ਵੀ ਜਾਰੀ ਹੈ। ਪੰਜਾਬ ਨੂੰ 16 ਅਕਤੂਬਰ ਨੂੰ ਕੋਲੇ ਦੇ 11 ਰੈਕ ਮਿਲੇ, ਜਦਕਿ 11 ਹੀ ਲੋਡ ਹੋਏ।