ਸੰਜੀਵ ਬੱਬੀ
ਚਮਕੌਰ ਸਾਹਿਬ, 20 ਨਵੰਬਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦੇ ਸੰਗਤ ਨੂੰ ਸਮਰਪਿਤ ਹੋਣ ’ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਬੀਤੀ ਦੇਰ ਰਾਤ ਸਟੇਡੀਅਮ ਵਿਖੇ ਧਾਰਮਿਕ ਸੰਗੀਤਕ ਸ਼ਾਮ ਦਾ ਪ੍ਰਬੰਧ ਕੀਤਾ ਗਿਆ।
ਇਸ ਦਾ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਰਦਿਆਂ ਕਿਹਾ ਕਿ ਇਸ ਸੰਗੀਤਕ ਸ਼ਾਮ ਦਾ ਮੰਤਵ ਇਸ ਇਤਿਹਾਸਕ ਪ੍ਰਾਜੈਕਟ ਦੀ ਸੰਪੂਰਨਤਾ ਖਾਸਕਰ ਗੈਲਰੀਆਂ ਦੀ ਸੰਜੀਵਤਾ ਲਈ ਸੰਗੀਤਕ ਯੋਗਦਾਨ ਦੇਣ, ਪਿੱਠਵਰਤੀ ਸੰਗੀਤ ਤੇ ਆਵਾਜ਼ ਦੇਣ, ਪਟਕਥਾ ਲਿਖਣ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸੰਗਤ ਦੇ ਸਨਮੁੱਖ ਲਿਆ ਕੇ ਸਨਮਾਨ ਕਰਨਾ ਬਣਦਾ ਹੈ। ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ, ਹਰਸ਼ਪ੍ਰੀਤ ਕੌਰ, ਜਸਪਿੰਦਰ ਨਰੂਲਾ, ਮਨਜਿੰਦਰ ਮਾਨ ਅਤੇ ਦੁਰਗਾ ਰੰਗੀਲਾ ਸਮੇਤ ਮਰਹੂਮ ਗਾਇਕ ਦਿਲਜਾਨ ਨੇ ਦੇਰ ਰਾਤ ਤੱਕ ਆਪੋ-ਆਪਣੇ ਫਨ ਦਾ ਮੁਜ਼ਾਹਰਾ ਕੀਤਾ।
ਇਸ ਤੋਂ ਇਲਾਵਾ ਪਿੱਠਵਰਤੀ ਸੰਗੀਤ ਦੇਣ ਵਾਲੇ ਲਕਸ਼ਮੀ ਕਾਂਤ ਪਿਆਰੇ ਲਾਲ ਦੇ ਭਤੀਜੇ ਮੌਂਟੀ ਸ਼ਰਮਾ, ਬਾਬਾ ਬੰਦਾ ਸਿੰਘ ਬਹਾਦਰ ਲਈ ਵੋਆਇਸ ਓਵਰ ਦੇਣ ਵਾਲੇ ਮੁੰਬਈ ਦੇ ਆਰਟਿਸਟ ਬਰਾਉਨੀ, ਪ੍ਰਾਜੈਕਟ ਦੇ ਪਟਕਥਾ ਲੇਖਕ ਅਤੇ ਉੱਘੇ ਸ਼ਾਇਰ ਸੁਰਜੀਤ ਪਾਤਰ, ਡਿਜ਼ਾਇਨਰ ਅਮਰਦੀਪ ਬਹਿਲ, ਪਿੱਠਵਰਤੀ ਆਵਾਜ਼ਾਂ ਦੇਣ ਵਾਲੇ ਰੇਡੀਓ ਜੋਕੀ ਜਸਵਿੰਦਰ ਜੱਸੀ, ਟੀਨੂੰ ਸ਼ਰਮਾ, ਪੂਰਵ ਸ਼ਰਮਾ, ਸੁਰਜਨ ਸਿੰਘ, ਰਿਤੇਸ਼ ਰਿਸ਼ੀ ਤੇ ਤਕਨੀਕੀ ਟੀਮ ਦੇ ਸਪਨਾ ਨੂੰ ਸਨਮਾਨਿਆ।