ਦਵਿੰਦਰ ਸਿੰਘ ਭੰਗੂ
ਰਈਆ, 28 ਸਤੰਬਰ
ਸਥਾਨਕ ਕਸਬੇ ਵਿਚ ਅੱਜ ਨੈਸ਼ਨਲ ਹਾਈਵੇਅ ’ਤੇ ਬਣ ਰਹੇ ਪੁਲ ਦਾ ਉਦਘਾਟਨ ਸਬੰਧੀ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਕਿ ਬਣ ਕੇ ਕੰਧ ਵਿਚ ਲੱਗ ਚੁੱਕਿਆ ਸੀ ਜਿਸ ਨੂੰ ਰਾਤੋਂ ਰਾਤ ਹਟਾ ਕੇ ਉਦਘਾਟਨੀ ਪੱਥਰ ਵਾਲੀ ਜਗ੍ਹਾ ਤੋਂ ਮਲਵਾ ਵੀ ਹਟਾ ਦਿੱਤਾ ਗਿਆ। ਇਸ ਕਾਰਨ ਇਲਾਕੇ ਵਿਚ ਚਰਚਾ ਹੋ ਰਹੀ ਹੈ। ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਕਸਬੇ ਰਈਆ ਦਾਨਾ ਮੰਡੀ ਗੇਟ ਦੇ ਨਾਲ ਬੀਤੇ ਦਿਨ ਪ੍ਰਾਜੈਕਟ ਮੈਨੇਜਰ ਅਬਦੁਲ ਖ਼ਾਨ ਵੱਲੋਂ ਉਦਘਾਟਨੀ ਪੱਥਰ ਲਾਇਆ ਗਿਆ ਸੀ ਜਿਸ ਉੱਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਸਰਕਾਰ, ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਅਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਨਾਮ ਲਿਖਿਆ ਗਿਆ ਸੀ ਅਤੇ 28 ਸਤੰਬਰ ਨੂੰ ਉਦਘਾਟਨ ਕਰਨ ਸਬੰਧੀ ਲਿਖਿਆ ਗਿਆ ਸੀ। ਇਸ ਉਦਘਾਟਨੀ ਪੱਥਰ ’ਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਅਤੇ ਨੈਸ਼ਨਲ ਹਾਈਵੇਅ 1 ਲਿਖਿਆ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕੈਬਨਿਟ ਭੰਗ ਕਰਨ ਉਪਰੰਤ ਅਜੇ ਤੱਕ ਕਿਸੇ ਵੀ ਮੰਤਰੀ ਨੂੰ ਵਿਭਾਗ ਨਹੀਂ ਸੌਂਪਿਆ ਗਿਆ ਅਤੇ ਇਹ ਨੈਸ਼ਨਲ ਹਾਈਵੇਅ 3 ਹੈ। ਇਹ ਪੱਥਰ ਬੀਡੀਪੀਓ ਰਈਆ ਮਲਕੀਅਤ ਸਿੰਘ ਭੱਟੀ ਵੱਲੋਂ ਤਿਆਰ ਕਰਵਾ ਕੇ ਲਗਵਾਇਆ ਗਿਆ ਸੀ ਪੱਥਰ ਬਣ ਕੇ ਤਿਆਰ ਹੋਣ ਉਪਰੰਤ ਬੀਡੀਪੀਓ ਵੱਲੋਂ ਤਸਵੀਰ ਵੀ ਸਾਂਝੀ ਕੀਤੀ ਗਈ ਸੀ। ਚਰਚਾ ਵਿਚ ਆਉਣ ਤੋ ਬਾਅਦ ਰਾਤੋ ਰਾਤ ਉਦਘਾਟਨੀ ਪੱਥਰ ਨੂੰ ਹਟਾ ਦਿੱਤਾ ਗਿਆ ਤੇ ਇੱਥੋਂ ਤੱਕ ਇੱਥੋਂ ਮਲਵਾ ਵੀ ਚੁੱਕ ਲਿਆ ਗਿਆ। ਬੀਡੀਪੀਓ ਰਈਆ ਮਲਕੀਅਤ ਸਿੰਘ ਭੱਟੀ ਨੇ ਕਿਹਾ ਕਿ ਉਦਘਾਟਨੀ ਪੱਥਰ ਕੋਲ ਫ਼ੋਟੋ ਉਨ੍ਹਾਂ ਦੀ ਹੀ ਹੈ ਪਰ ਇਸ ਪੱਥਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।