ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਫਰਵਰੀ
ਲੁਧਿਆਣਾ ਤੋਂ ਤਲਵੰਡੀ ਭਾਈ (ਫਿਰੋਜ਼ਪੁਰ) ਵਾਇਆ ਮੋਗਾ 78 ਕਿਲੋਮੀਟਰ ਲੰਮੇ ਐੱਨਐੱਚ-95 ਕੌਮੀ ਮਾਰਗ ਦੇ ਨਿਰਮਾਣ ਦਾ ਕੰਮ ਮੁੱਖ ਕੰਪਨੀ ਤੇ ਸਬ-ਠੇਕੇਦਾਰ ਕੰਪਨੀਆਂ ’ਚ ਵਿਵਾਦ ਅੱਧ ਵਿਚਕਾਰ ਲਟਕਣ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਮਾਰਗ ਦੇ ਨਵੀਨੀਕਰਨ ਦੌਰਾਨ ਕਰੀਬ 9 ਸਾਲਾਂ ’ਚ 600 ਤੋਂ ਵੱਧ ਮਨੁੱਖੀ ਜਾਨਾਂ ਗਈਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ। ਇਸ ਮਾਰਗ ਕੰਢੇ ਲੱਗੇ 42 ਹਜ਼ਾਰ ਦਰੱਖਤਾਂ ’ਤੇ ਕੁਹਾੜਾ ਚੱਲਿਆ ਪਰ ਹਾਲੇ ਤਕ ਕੋਈ ਨਵਾਂ ਦਰੱਖਤ ਨਹੀਂ ਲੱਗਿਆ।
ਇਸ ਪ੍ਰਾਜੈਕਟ ਦਾ ਠੇਕਾ ਸਾਲ 2009 ’ਚ ਹੋਇਆ ਸੀ ਤੇ ਕੰਪਨੀ ਨੇ 30 ਮਹੀਨੇ ’ਚ 21 ਸਤੰਬਰ 2014 ਤਕ ਮੁਕੰਮਲ ਕਰਨਾ ਸੀ। ਕੰਪਨੀ ਦਾ ਟੌਲ ਪਲਾਜ਼ਿਆਂ ਤੋਂ 29 ਸਾਲ ਵਸੂਲੀ ਕਰਨ ਦਾ ਸਮਝੌਤਾ ਹੋਇਆ ਸੀ। ਸੜਕ ਦਾ ਨਿਰਮਾਣ ਕਰਵਾ ਰਹੀ ਕੰਪਨੀ ਈਐੱਸਐੱਸਏਐੱਲ ਦੇ ਚੇਅਰਮੈਨ ਸੁਭਾਸ਼ ਚੰਦਰਾ, ਜੋ ਰਾਜ ਸਭਾ ਮੈਂਬਰ ਵੀ ਹਨ, ਨੇ 15 ਜੁਲਾਈ 2017 ਨੂੰ ਮੋਗਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸੜਕ ਨਿਰਮਾਣ ਵਿੱਚ ਦੇਰੀ ਕਾਰਨ ਦੁੱਖ ਤਕਲੀਫਾਂ ਝੱਲ ਰਹੇ ਲੋਕਾਂ ਤੋਂ ਮੁਆਫ਼ੀ ਮੰਗਦਿਆਂ 31 ਦਸੰਬਰ 2017 ਤਕ ਸੜਕ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਸੜਕ ਹਾਲੇ ਵੀ ਮੁਕੰਮਲ ਨਹੀਂ ਹੋਈ। ਐੱਨਐੱਚਏਆਈ ਵੱਲੋਂ ਦਸੰਬਰ 2019 ਵਿੱਚ ਪ੍ਰਾਜੈਕਟ ਮੁਕੰਮਲ ਕਰਨ ਲਈ ਮਨਜ਼ੂਰ ਕੀਤੇ 13.50 ਕਰੋੜ ਰਕਮ ਨਾਲ ਕੰਪਨੀ ਨੇ ਸਿਰਫ਼ ਮੁਰੰਮਤ ਦਾ ਕੰਮ ਹੀ ਕੀਤਾ। ਇਸ ਮਗਰੋਂ ਐੱਨਐੱਚਏਆਈ ਨੇ ਫੰਡਾਂ ਦਾ ਕੋਈ ਹੋਰ ਸਰੋਤ ਨਾ ਹੋਣ ਕਾਰਨ ਕੰਪਨੀ ਨੂੰ ਪ੍ਰਾਜੈਕਟ ਸਿਰੇ ਚੜਾਉਣ ਲਈ ਮੁੱਲਾਂਪੁਰ (ਲੁਧਿਆਣਾ) ਤੇ ਪਿੰਡ ਦਾਰਾਪੁਰ (ਮੋਗਾ) ਵਿੱਚ ਟੌਲ ਪਲਾਜ਼ੇ ਚਲਾਉਣ ਦੀ ਆਗਿਆ ਦੇ ਦਿੱਤੀ ਪਰ ਪਹਿਲਾ ਕਰੋਨਾ ਤੇ ਹੁਣ ਕਿਸਾਨੀ ਸੰਘਰਸ਼ ਕਾਰਨ ਟੌਲ ਪਲਾਜ਼ੇ ਬੰਦ ਹੋਣ ਕਾਰਨ ਇਹ ਯੋਜਨਾ ਵੀ ਸਿਰੇ ਨਾ ਚੜ੍ਹ ਸਕੀ। ਪ੍ਰਾਜੈਕਟ ਵਿੱਚ ਬੇਲੋੜੀ ਦੇਰੀ ਦਾ ਮੁੱਖ ਕਾਰਨ ਮੁੱਖ ਠੇਕੇਦਾਰ ਕੰਪਨੀ ਅਤੇ ਸਬ-ਠੇਕੇਦਾਰ ਕੰਪਨੀ ਵਿਚਕਾਰ ਵਿਵਾਦ ਦੱਸਿਆ ਜਾ ਰਿਹਾ ਹੈ। ਬਹੁਤੇ ਬਕਾਇਆ ਕੰਮ ਮੋਗਾ ਤੋਂ ਤਲਵੰਡੀ ਭਾਈ ਤਕ ਹਨ ਅਤੇ ਕਈ ਥਾਵਾਂ ’ਤੇ ਸਰਵਿਸ ਲੇਨ ਅਤੇ ਕੁਝ ਫਲਾਈਓਵਰਾਂ ਦਾ ਕੰਮ ਅਧੂਰਾ ਹੋਣ ਦੇ ਨਾਲ ਡਗਰੂ ਰੇਲ ਫਾਟਕ ’ਤੇ ਰੇਲਵੇ ਓਵਰਬ੍ਰਿਜ ਦਾ ਕੰਮ ਵੀ ਲਟਕਿਆ ਪਿਆ ਹੈ।
ਇਹ ਪ੍ਰਾਜੈਕਟ ਨੂੰ ਪੈਨ ਇੰਡੀਆ ਨੇ 2013 ਵਿੱਚ 692 ਕਰੋੜ ਵਿੱਚ ਲੈਣ ਮਗਰੋਂ ਅੱਗੇ ਮੁਨਾਫ਼ਾ ਕਮਾ ਕੇ ਵਰਾਹਾ ਕੰਪਨੀ ਨੂੰ ਸੌਂਪ ਦਿੱਤਾ ਸੀ। ਕੰਪਨੀਆਂ ਦਾ ਵਿਵਾਦ ਅਦਾਲਤ ਵਿੱਚ ਜਾਣ ਕਾਰਨ ਅਕਤੂਬਰ 2013 ਤੋਂ ਜੁਲਾਈ 2015 ਤਕ ਕੰਮ ਬੰਦ ਰਿਹਾ ਅਤੇ ਬਾਅਦ ਵਿੱਚ ਪ੍ਰਾਜੈਕਟ ਨੂੰ ਮੁੜ ਮੁੱਖ ਕੰਪਨੀ ਈਐੱਸਐੱਸਏਐੱਲ ਨੇ ਆਪਣੇ ਹੱਥ ਲੈ ਲਿਆ। ਡਿਪਟੀ ਕਮਿਸ਼ਨਰ ਸੰਦੀਪ ਹੰਸ ਪਹਿਲਾਂ ਦਾਅਵਾ ਕਰ ਚੁੱਕੇ ਹਨ ਅਧੂਰਾ ਕੰਮ ਮੁਕੰਮਲ ਕਰਨ ਲਈ ਕੰਪਨੀ ਨੂੰ ਇਕ ਟੌਲ ਪਲਾਜ਼ਾ ਚਲਾਉਣ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਇਕੱਠੀ ਕੀਤੀ ਰਕਮ ਨੂੰ ਅਗਲੇ ਨਿਰਮਾਣ ਕਾਰਜ ਲਈ ਇਸਤੇਮਾਲ ਕੀਤਾ ਜਾਣਾ ਸੀ। ਟੌਲ ਪਲਾਜ਼ਾ ਕਿਸਾਨਾਂ ਦੇ ਵਿਰੋਧ ਕਾਰਨ ਬੰਦ ਹੋਣ ’ਤੇ ਨਿਰਮਾਣ ਸ਼ੁਰੂ ਨਹੀਂ ਹੋਇਆ।