ਚੰਡੀਗੜ੍ਹ (ਪੱਤਰ ਪ੍ਰੇਰਕ):
ਆਈਟੀਆਈ ਐਂਪਲਾਈਜ਼ ਯੂਨੀਅਨ ਨੇ ਪੰਜਾਬ ਦੀਆਂ ਵੱਖ-ਵੱਖ ਆਈਟੀਆਈਜ਼ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਬਦਲੀਆਂ ਨੂੰ ਗਲਤ ਗਰਦਾਨਦਿਆਂ ਬਦਲੀਆਂ ਦੀ ਤਰੀਕ ਵਧਾ ਕੇ ਅਰਜ਼ੀਆਂ ਮੁੜ ਮੰਗਣ ਦੀ ਗੱਲ ਆਖੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਨੇ ਦੱਸਿਆ ਕਿ ਜੁਲਾਈ ਵਿੱਚ ਵਿਭਾਗ ਵੱਲੋਂ ਬਦਲੀਆਂ ਸਬੰਧੀ ਅਰਜ਼ੀਆਂ ਮੰਗੀਆਂ ਗਈਆਂ ਸਨ। ਬਹੁਤ ਸਾਰੇ ਮੁਲਾਜ਼ਮਾਂ ਨੇ ਅਪਣੇ ਨੇੜੇ ਦੇ ਖਾਲੀ ਪਏ ਸਟੇਸ਼ਨਾਂ ਵਿਰੁੱਧ ਅਰਜ਼ੀਆਂ ਦਿੱਤੀਆਂ। ਵਿਭਾਗ ਵੱਲੋਂ ਬਦਲੀਆਂ ਤਾਂ ਕੀਤੀਆਂ ਗਈਆਂ ਪ੍ਰੰਤੂ ਮੁਲਾਜ਼ਮਾਂ ਦੇ ਘਰ ਨੇੜੇ ਵਾਲੇ ਸਟੇਸ਼ਨ ਹਾਲੇ ਵੀ ਖਾਲੀ ਪਏ ਹਨ, ਜਿਸ ਕਰਕੇ ਵੱਖੋ-ਵੱਖਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਮੁਲਾਜ਼ਮ ਨਿਰਾਸ਼ ਹਨ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਮੁਖ ਸਿੰਘ ਪਟਿਆਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਦਲੀਆਂ ਦੀ ਤਰੀਕ ਵਧਾ ਕੇ ਅਰਜ਼ੀਆਂ ਮੁੜ ਲਈਆਂ ਜਾਣ, ਜੇ ਅਜਿਹਾ ਨਾ ਕੀਤਾ ਤਾਂ ਜਥੇਬੰਦੀ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ।