ਚਰਨਜੀਤ ਭੁੱਲਰ
ਚੰਡੀਗੜ੍ਹ, 8 ਜੁਲਾਈ
ਮੁੱਖ ਅੰਸ਼
- ਵਜ਼ਾਰਤੀ ਫੇਰਬਦਲ ਤੋਂ ਪਹਿਲਾਂ ਹੋਵੇਗਾ ਪੰਜਾਬ ਕਾਂਗਰਸ ਦਾ ਪੁਨਰਗਠਨ
ਕੇਂਦਰ ਤੋਂ ਬਾਅਦ ਹੁਣ ਪੰਜਾਬ ਵਜ਼ਾਰਤ ਵਿਚ ਵੀ ਅਗਲੇ ਹਫ਼ਤੇ ਫੇਰਬਦਲ ਹੋਣਾ ਤੈਅ ਹੈ। ਕਾਂਗਰਸ ਹਾਈਕਮਾਂਡ ਵੱਲੋਂ ਮੁਲਾਕਾਤਾਂ ਦੇ ਗੇੜ ਖ਼ਤਮ ਕੀਤੇ ਜਾਣ ਮਗਰੋਂ ਹੁਣ ਸਿਰਫ਼ ਪੰਜਾਬ ਕਾਂਗਰਸ ਦੇ ਪੁਨਰਗਠਨ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਹਾਈਕਮਾਂਡ ਦਾ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਨੂੰ ਸਮੇਟਣ ਲਈ ਫ਼ਾਰਮੂਲਾ ਤਿਆਰ-ਬਰ-ਤਿਆਰ ਹੈ ਅਤੇ ਆਉਂਦੇ ਦਿਨਾਂ ਵਿਚ ਕਿਸੇ ਵੀ ਦਿਨ ਐਲਾਨ ਹੋਣਾ ਸੰਭਵ ਹੈ। ਹਾਈਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਗਲੇ ਹਫ਼ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਸੁਣਾਇਆ ਜਾਣਾ ਹੈ। ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੇ ਫੈਸਲੇ ਪਿੱਛੋਂ ਹੀ ਪੰਜਾਬ ਵਜ਼ਾਰਤ ਵਿਚ ਫੇਰਬਦਲ ਹੋਵੇਗਾ। ਪ੍ਰਾਪਤ ਵੇਰਵਿਆਂ ਅਨੁਸਾਰ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਥਾਂ ਕੋਈ ਹੋਰ ਨਵਾਂ ਚਿਹਰਾ ਦਿੱਤੇ ਜਾਣ ਦੇ ਚਰਚੇ ਵੀ ਹਨ। ਭਾਵੇਂ ਕਿ ਅਧਿਕਾਰਤ ਫੈਸਲਾ ਹੋਣਾ ਅਜੇ ਬਾਕੀ ਹੈ ਪਰ ਸੂਤਰ ਆਖਦੇ ਹਨ ਕਿ ਹਾਈਕਮਾਂਡ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੌਂਪਣ ਦਾ ਮਨ ਬਣਾ ਲਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਦੇ ਪੱਖ ਵਿਚ ਮੁਹਿੰਮ ਚਲਾ ਰਹੇ ਸਨ। ਪਾਰਟੀ ਹਾਈਕਮਾਂਡ ਕੇਰਲ ਕਾਂਗਰਸ ਦੀ ਤਰਜ਼ ’ਤੇ ਪੰਜਾਬ ਵਿਚ ਕਾਂਗਰਸ ਪ੍ਰਧਾਨ ਨਾਲ ਤਿੰਨ ਕਾਰਜਕਾਰੀ ਪ੍ਰਧਾਨ ਲਗਾਉਣ ਬਾਰੇ ਵੀ ਸੋਚ ਰਹੀ ਹੈ। ਹਾਈਕਮਾਂਡ ਨੇ ਜੂਨ ਮਹੀਨੇ ਵਿੱਚ ਕੇਰਲ ’ਚ ਤਿੰਨ ਕਾਰਜਕਾਰੀ ਪ੍ਰਧਾਨ ਲਗਾਏ ਹਨ। ਪੰਜਾਬ ਕਾਂਗਰਸ ਵਿਚ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ਨੂੰ ਉੱਚ ਅਹੁਦੇ ਦਿੱਤੇ ਜਾ ਸਕਦੇ ਹਨ। ਇੱਕ ਉਪ ਮੁੱਖ ਮੰਤਰੀ ਕਿਸੇ ਦਲਿਤ ਆਗੂ ਨੂੰ ਲਾਏ ਜਾਣ ਦੀ ਚਰਚਾ ਹੈ। ਕਾਂਗਰਸ ਦੇ ਪੁਨਰਗਠਨ ਮਗਰੋਂ ਪੰਜਾਬ ਵਜ਼ਾਰਤ ’ਚ ਫੇਰਬਦਲ ਦਾ ਕੰਮ ਸ਼ੁਰੂ ਹੋਵੇਗਾ। ਸੂਤਰ ਅਗਲੇ ਹਫ਼ਤੇ ਵਜ਼ਾਰਤੀ ਫੇਰਬਦਲ ਹੋਣ ਦੀ ਗੱਲ ਆਖ ਰਹੇ ਹਨ। ਇੱਛੁਕ ਵਿਧਾਇਕ ਕਈ ਦਿਨਾਂ ਤੋਂ ਮੰਤਰੀ ਬਣਨ ਲਈ ਜੋੜ-ਤੋੜ ਕਰ ਰਹੇ ਹਨ। ਸਿਆਸੀ ਹਲਕੇ ਇਸ ਗੱਲੋਂ ਵੀ ਹੈਰਾਨ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਗੀ ਸੁਰ ਰੱਖਣ ਵਾਲੇ ਕਿਸੇ ਵੀ ਆਗੂ ਨਾਲ ਹਾਲੇ ਤੱਕ ਰਾਬਤਾ ਕਾਇਮ ਕਰਨ ਦੀ ਲੋੜ ਨਹੀਂ ਸਮਝੀ ਹੈ। ਚਰਚੇ ਚੱਲੇ ਹਨ ਕਿ ਮੁੱਖ ਮੰਤਰੀ ਪਿਛਲੇ ਸਮੇਂ ਦੌਰਾਨ ਇੱਕ ਸੀਨੀਅਰ ਅਧਿਕਾਰੀ ਨੂੰ ਮਨਾਉਣ ਲਈ ਕਈ ਵਾਰ ਉਸ ਦੇ ਘਰ ਗਏ ਸਨ ਪਰ ਕਾਂਗਰਸ ਦੇ ਰੁੱਸਿਆਂ ਤੋਂ ਹਾਲੇ ਵੀ ਦੂਰ ਹਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਹੁਣ ਸਾਰਾ ਮਾਮਲਾ ਪਾਰਟੀ ਹਾਈਕਮਾਂਡ ’ਤੇ ਛੱਡ ਦਿੱਤਾ ਹੈ ਕਿਉਂਕਿ ਬਾਗੀ ਸੁਰ ਵਾਲੇ ਆਗੂ ਆਪਣੀ ਗੱਲ ਖੜਗੇ ਕਮੇਟੀ ਕੋਲ ਰੱਖ ਚੁੱਕੇ ਹਨ ਅਤੇ ਹੁਣ ਹਾਈਕਮਾਂਡ ਹੀ ਇਸ ਮਾਮਲੇ ਨਾਲ ਨਜਿੱਠੇਗੀ। ਪੰਜਾਬ ਵਜ਼ਾਰਤ ਵਿੱਚ ਕੌਣ-ਕੌਣ ਸ਼ਾਮਲ ਹੁੰਦਾ ਹੈ ਜਾਂ ਕਿਸ-ਕਿਸ ਦੀ ਛਾਂਟੀ ਹੁੰਦੀ ਹੈ, ਇਸ ਦੇ ਕਿਆਸ ਹੀ ਲਗਾਏ ਜਾ ਸਕਦੇ ਹਨ ਪ੍ਰੰਤੂ ਦੇਖਣਾ ਇਹ ਹੋਵੇਗਾ ਕਿ ਕੀ ਅਮਰਿੰਦਰ ਸਰਕਾਰ ਵਜ਼ਾਰਤ ਵਿਚ ਫੇਰਬਦਲ ਕਰ ਕੇ ਆਪਣਾ ਲੋਕ ਅਕਸ ਸੁਧਾਰ ਸਕੇਗੀ, ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸਮਾਂ ਵੀ ਕਾਫ਼ੀ ਘੱਟ ਬਚਿਆ ਹੈ। ਉਂਜ, ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਹਿੰਦੂ ਭਾਈਚਾਰੇ ਨੂੰ ਖੁਸ਼ ਕਰਨ ਦੀ ਕਵਾਇਦ ਕਰ ਰਹੇ ਹਨ। ਇਸ ਤਰ੍ਹਾਂ ਸ਼ਹਿਰੀ ਲੋਕ ਵੀ ਇਹ ਮੁਲਾਂਕਣ ਕਰਨਗੇ ਕਿ ਕੀ ਸਰਕਾਰ ਨੇ ਸਾਢੇ ਚਾਰ ਵਰ੍ਹਿਆਂ ਵਿੱਚ ਸ਼ਹਿਰੀ ਲੋਕਾਂ ਲਈ ਕੋਈ ਕਦਮ ਉਠਾਏ ਹਨ।