ਦਵਿੰਦਰ ਸਿੰਘ ਭੰਗੂ
ਰਈਆ, 16 ਫਰਵਰੀ
ਵਿਧਾਨ ਸਭਾ ਹਲਕਾ ਬਾਬਾ ਬਕਾਲਾ ਗੁਰੂ ਤੇਗ ਬਹਾਦਰ ਦੇ ਤਪ ਅਸਥਾਨ ਨਾਲ ਸਬੰਧਤ ਹੈ ਅਤੇ ਇਹ ਜਲੰਧਰ-ਅੰਮ੍ਰਿਤਸਰ ਜੀਟੀ ਰੋਡ ਦੇ ਦੋਵੇਂ ਪਾਸੇ ਫੈਲਿਆ ਹੋਇਆ ਹੈ। ਹਲਕੇ ਦਾ ਬਹੁਤਾ ਖੇਤਰ ਪਿੰਡਾਂ ਨਾਲ ਸਬੰਧਤ ਹੈ। ਹਲਕੇ ਅੰਦਰ ਕਰੀਬ 110 ਪਿੰਡਾਂ ਤੋਂ ਇਲਾਵਾ ਸ਼ਹਿਰੀ ਕਸਬੇ ਬਾਬਾ ਬਕਾਲਾ, ਰਈਆ, ਬਿਆਸ, ਖਿਲਚੀਆ, ਨਾਗੋਕੇ ਅਤੇ ਡੇਰਾ ਰਾਧਾ ਸੁਆਮੀ ਬਿਆਸ ਮੌਜੂਦ ਹਨ। ਸਾਲ 2017 ਵਿੱਚ ਇੱਥੋਂ ਕਾਂਗਰਸ ਪਾਰਟੀ ਦੇ ਸੰਤੋਖ ਸਿੰਘ ਭਲਾਈਪੁਰ, ਆਮ ਆਦਮੀ ਪਾਰਟੀ ਦੇ ਦਲਬੀਰ ਸਿੰਘ ਟੌਂਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਏਆਰ ਨੇ ਚੋਣ ਲੜੀ ਸੀ। ਹਲਕਾ ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ ਚੋਣ ਜਿੱਤ ਕੇ ਵਿਧਾਇਕ ਬਣੇ ਸਨ।
ਰਾਖਵਾਂ ਹਲਕਾ ਬਾਬਾ ਬਕਾਲਾ ਦਾ ਇਤਿਹਾਸ ਰਿਹਾ ਹੈ ਇੱਥੋਂ ਦੇ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਦੂਜੀ ਵਾਰ ਵਿਧਾਇਕ ਬਣਨ ਦਾ ਮੌਕਾ ਨਹੀਂ ਦਿੱਤਾ ਹੈ। ਇਸ ਹਲਕੇ ਵਿੱਚ ਜਥੇਦਾਰ ਸੋਹਣ ਸਿੰਘ ਜਲਾਲਉਸਮਾ ਤੋਂ ਇਲਾਵਾ ਕਦੇ ਵੀ ਕਿਸੇ ਵਿਧਾਇਕ ਨੂੰ ਸਰਕਾਰ ਵਿੱਚ ਮੰਤਰੀ ਬਣਨ ਦਾ ਮੌਕਾ ਨਹੀਂ ਮਿਲਿਆ। ਇੱਥੋਂ ਤਾਕਤਵਰ ਗਿਣੇ ਜਾਂਦੇ ਵਿਧਾਇਕ ਜਸਬੀਰ ਸਿੰਘ ਡਿੰਪਾ ਵੀ ਚੇਅਰਮੈਨ ਤੱਕ ਹੀ ਸੀਮਤ ਰਹੇ।
ਹਲਕੇ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਰਈਆ ਤੋਂ ਨਾਥ ਦੀ ਖੂਹੀ ਮਹਿਤਾ ਨੂੰ ਜਾਂਦੀ ਸੜਕ ਵਿੱਚ ਪਏ ਡੂੰਘੇ ਟੋਏ ਸਰਕਾਰਾਂ ਦੇ ਲਾਰੇ ਯਾਦ ਕਰਵਾਉਂਦੇ ਹਨ। ਇੱਥੋਂ ਕਾਂਗਰਸ ਸਰਕਾਰ ਨੇ ਡੇਰਾ ਰਾਧਾ ਸੁਆਮੀ ਪ੍ਰਬੰਧਕਾਂ ਨੂੰ ਖ਼ੁਸ਼ ਕਰਨ ਲਈ ਬਿਆਸ ਨੂੰ ਸਬ-ਤਹਿਸੀਲ ਦਾ ਦਰਜਾ ਦਿੱਤਾ ਹੈ। ਬਾਬਾ ਬਕਾਲਾ ਪੰਚਾਇਤ ਨੂੰ ਭੰਗ ਕਰਕੇ ਨਗਰ ਪੰਚਾਇਤ ਦਾ ਦਰਜਾ ਦਿੱਤਾ ਪਰ ਵਿਕਾਸ ਪੱਖੋਂ ਹਲਕਾ ਫਾਡੀ ਰਿਹਾ। ਕਸਬਾ ਰਈਆ ਵਿੱਚ ਵਿਕਾਸ ਕਾਰਜ ਅਧੂਰੇ ਹਨ ਅਤੇ ਪਿੰਡਾਂ ਵਿੱਚ ਗਲੀਆਂ-ਨਾਲੀਆਂ ਲਈ ਸਰਕਾਰ ਵੱਲੋਂ ਨਾਂਮਾਤਰ ਹੀ ਫ਼ੰਡ ਦਿੱਤੇ ਗਏ ਹਨ। ਪਿਛਲੀ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਦੇ ਆਸਰੇ ਹੀ ਡੰਗ ਟਪਾਇਆ ਗਿਆ। ਬੱਚਿਆਂ ਦੀ ਸਿੱਖਿਆ ਲਈ ਕੋਈ ਵੀ ਸਕੂਲ ਅਪਗਰੇਡ ਨਹੀਂ ਕੀਤਾ ਗਿਆ। ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦਾ ਬੁਰਾ ਹਾਲ ਹੈ, ਜਿੱਥੇ ਕਈ ਕਮਰੇ ਕਿਸੇ ਵੇਲੇ ਵੀ ਡਿੱਗ ਸਕਦੇ ਹਨ।
ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਉਨ੍ਹਾਂ ਨੇ ਹਰੇਕ ਪਿੰਡ ਦੇ ਵਿਕਾਸ ਲਈ ਵੱਡੀ ਮਾਤਰਾ ਵਿੱਚ ਫ਼ੰਡ ਦਿੱਤੇ ਹਨ ਅਤੇ ਕਸਬਾ ਰਈਆ ਵਿੱਚ ਲੋਕਾਂ ਦੀ ਮੰਗ ਅਨੁਸਾਰ ਪਿੱਲਰਾਂ ’ਤੇ ਪੁਲ ਬਣਾਉਣ ਸਬੰਧੀ ਮਨਜ਼ੂਰੀ ਲਿਆ ਕੇ ਜਲੰਧਰ-ਅੰਮ੍ਰਿਤਸਰ ਮਾਰਗ ਉੱਤੇ ਪੁਲ ਦਾ ਕੰਮ ਸ਼ੁਰੂ ਕਰਵਾਇਆ। ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ। ਹਰੇਕ ਪਾਰਟੀ ਦੇ ਵਰਕਰ ਦਾ ਸਤਿਕਾਰ ਕਰਕੇ ਕੰਮ ਕਰਵਾਏ ਗਏ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਹਲਕੇ ਵਿੱਚ ਵਿਕਾਸ ਦੇ ਕੰਮ ਜ਼ੀਰੋ ਦੇ ਬਰਾਬਰ ਹਨ। ਹਲਕੇ ਵਿੱਚ ਲੋਕਾਂ ਉੱਪਰ ਨਾਜਾਇਜ਼ ਪਰਚੇ ਦਰਜ ਕਰਨ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਕੀਤਾ ਗਿਆ। ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਬਲਜੀਤ ਸਿੰਘ ਜਲਾਲਉਸਮਾ ਨੇ ਕਿਹਾ ਕਿ ਇਸ ਹਲਕੇ ਦਾ ਵਿਕਾਸ ਪੱਖੋਂ ਬੁਰਾ ਹਾਲ ਹੈ, ਨੌਜਵਾਨਾਂ ਵਿੱਚ ਨਸ਼ਾ ਭਾਰੂ ਹੋ ਰਿਹਾ ਹੈ। ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।