ਪੱਤਰ ਪ੍ਰੇਰਕ
ਕੁਰਾਲੀ, 5 ਸਤੰਬਰ
ਪਿੰਡ ਬੜੌਦੀ ਦੇ ਬਾਹਰਵਾਰ ਸਥਿਤ ਕਲੋਨੀ ਨੂੰ ਜਾਣ ਵਾਲਾ ਰਸਤਾ ਅਤੇ ਅੰਦਰੂਨੀ ਗਲੀਆਂ ਕੱਚੀਆਂ ਹੋਣ ਕਾਰਨ ਕਲੋਨੀ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ ਤਿੰਨ ਦਹਾਕਿਆਂ ਤੋਂ ਇਹ ਸੰਤਾਪ ਹੰਢਾ ਰਹੇ ਕਲੋਨੀ ਵਾਸੀਆਂ ਨੇ ਕਲੋਨੀ ਦੀਆਂ ਗਲੀਆਂ ਅਤੇ ਜੋੜਨ ਵਾਲੇ ਮੇਨ ਰਸਤੇ ਪੱਕੇ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਪਿੰਡ ਵਾਸੀਆਂ ਰਾਜਿੰਦਰ ਸਿੰਘ, ਕਰਮਜੀਤ ਕੌਰ, ਮਨਦੀਪ ਸਿੰਘ, ਲਵਪ੍ਰੀਤ ਕੌਰ, ਬਲਜੀਤ ਸਿੰਘ, ਜਸਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਪਿੰਡ ਤੋਂ ਕਰੀਬ ਚਾਰ ਕਿੱਲੇ ਦੀ ਦੂਰੀ ’ਤੇ ਸਥਿਤ ਹੈ ਜਿਸ ਵਿੱਚ ਕਈ ਪਰਿਵਾਰ ਪਿਛਲੇ 27-28 ਸਾਲਾਂ ਤੋਂ ਰਹਿ ਰਹੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਕਲੋਨੀ ਨੂੰ ਜਾਣ ਵਾਲਾ ਮੁੱਖ ਰਸਤਾ ਅਤੇ ਅੰਦਰੂਨੀ ਗਲੀਆਂ ਹਾਲੇ ਤੱਕ ਕੱਚੀਆਂ ਹਨ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਕਲੋਨੀ ਵਿੱਚ ਅਕਸਰ ਘਾਹ-ਬੂਟੀ ਉੱਗੀ ਰਹਿੰਦੀ ਹੈ ਜਿਸ ਕਾਰਨ ਇੱਥੇ ਜੀਵ ਜੰਤੂ ਅਤੇ ਜ਼ਹਿਰੀਲੇ ਕੀੜੇ ਉਨ੍ਹਾਂ ਦੀ ਜਾਨ ਲਈ ਖੌਅ ਬਣੇ ਹੋਏ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੀ ਜਿਹੀ ਬਾਰਿਸ਼ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲਾ ਇਹ ਰਸਤਾ ਅਤੇ ਅੰਦਰੂਨੀ ਗਲੀਆਂ ਛੱਪੜ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਪਿੰਡ ਵਾਸੀਆਂ ਨੇ ਕਲੋਨੀ ਨੂੰ ਜਾਣ ਵਾਲੇ ਇਸ ਰਸਤੇ ਤੇ ਅੰਦਰੂਨੀ ਗਲੀਆਂ ਨੂੰ ਪੱਕਾ ਕਰਨ ਅਤੇ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ।
ਸਰਕਾਰ ਵੱਲੋਂ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ: ਸਰਪੰਚ
ਸਰਪੰਚ ਮਨਮੋਹਨ ਸਿੰਘ ਮਾਵੀ ਨੇ ਕਿਹਾ ਕਲੋਨੀ ਦੇ ਅੰਦਰੂਨੀ ਰਸਤਿਆਂ ਦੀ ਖਸਤਾ ਹਾਲਤ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਸਤਿਆਂ ਦੀ ਹਾਲਤ ਸੁਧਾਰਨ ਲਈ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਗਿਆ ਹੈ, ਪਰ ਪਿਛਲੇ ਕਈ ਸਾਲਾਂ ਦੌਰਾਨ ਪਿੰਡ ਨੂੰ ਸਰਕਾਰ ਵੱਲੋਂ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਇਹ ਕੰਮ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਰਾਂਟ ਆਉਣ ’ਤੇ ਪਹਿਲ ਦੇ ਆਧਾਰ ’ਤੇ ਕਲੋਨੀ ਦੇ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ।