ਜਸਵੰਤ ਜੱਸ
ਫ਼ਰੀਦਕੋਟ, 31 ਦਸੰਬਰ
ਰਿਆਸਤੀ ਸ਼ਹਿਰ ਫ਼ਰੀਦਕੋਟ ਦੇ ਲੋਕ ਇਲਾਕੇ ਦੀ ਇਕਲੌਤੀ ਸਹਿਕਾਰੀ ਖੰਡ ਮਿੱਲ ਦੇ ਉਜਾੜੇ ਤੋਂ ਬੇਹੱਦ ਪ੍ਰੇਸ਼ਾਨ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੰਦ ਪਈ ਖੰਡ ਮਿੱਲ ਵਿੱਚ ਆ ਕੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ 2000 ਪਰਿਵਾਰਾਂ ਨੂੰ ਰੁਜ਼ਗਾਰ ਦੇਣ ਵਾਲੀ ਇਹ ਸਨਅਤ ਮੁੜ ਚਾਲੂ ਕੀਤੀ ਜਾਵੇਗੀ ਪਰ ਸਰਕਾਰ ਬਣਦਿਆਂ ਹੀ ਇਸ ਮਿੱਲ ਦੀ ਮਸ਼ੀਨਰੀ ਪੁੱਟ ਦਿੱਤੀ ਗਈ ਅਤੇ 130 ਏਕੜ ਵਿੱਚ ਖੜ੍ਹੇ ਵਿਸ਼ਾਲ ਜੰਗਲ ਨੂੰ ਮਹਿਜ਼ 66 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ। ਲੋਕਾਂ ਦੇ ਵਿਰੋਧ ਕਾਰਨ ਜੰਗਲ ਦਾ ਇੱਕ ਹਿੱਸਾ ਬਚ ਗਿਆ ਹੈ। ਫ਼ਰੀਦਕੋਟ ਵਿਧਾਨ ਸਭਾ ਹਲਕਾ ਅਜੇ ਵੀ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ। 1972 ਵਿੱਚ ਫਰੀਦਕੋਟ ਵਿੱਚ ਬਣਾਇਆ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਸਹੂਲਤਾਂ ਦੀ ਘਾਟ ਕਾਰਨ ਖੁਦ ਬਿਮਾਰ ਹੈ। ਮਾਹਿਰ ਡਾਕਟਰਾਂ, ਸਟਾਫ਼ ਅਤੇ ਪ੍ਰਬੰਧਾਂ ਦੀ ਘਾਟ ਕਾਰਨ ਮੈਡੀਕਲ ਕਾਲਜ ਵਿੱਚ ਆਮ ਲੋਕ ਜਾਣ ਤੋਂ ਵੀ ਭੈਅ ਮੰਨਦੇ ਹਨ। ਇਹ ਮੈਡੀਕਲ ਕਾਲਜ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਥਾਪਤ ਕੀਤਾ ਗਿਆ ਸੀ ਪਰ ਸਰਕਾਰ ਦੀ ਬੇਰੁਖੀ ਕਾਰਨ ਅੱਜ ਇਹ ਇੱਕ ਵਿਧਾਨ ਸਭਾ ਹਲਕੇ ਨੂੰ ਵੀ ਲੋੜੀਂਦੀਆਂ ਸਿਹਤ ਸਹੂਲਤਾਂ ਦੇਣ ਤੋਂ ਅਸਮਰੱਥ ਹੈ।
ਫ਼ਰੀਦਕੋਟ ਸ਼ਹਿਰ ਵਾਸੀਆਂ ਨੂੰ ਭਾਖੜਾ ਨਹਿਰ ਦਾ ਪਾਣੀ ਪੀਣ ਵਾਸਤੇ ਦੇਣ ਲਈ ਦਸ ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਹੋਇਆ ਸੀ। ਰਾਜਾ ਮਾਈਨਰ ਤੋਂ ਵਾਟਰ ਵਰਕਸ ਤੱਕ ਪਾਈਪਾਂ ਪੈਣ ਦੇ ਬਾਵਜੂਦ ਲੋਕਾਂ ਨੂੰ ਪੀਣ ਯੋਗ ਸ਼ੁੱਧ ਪਾਣੀ ਨਹੀਂ ਮਿਲ ਸਕਿਆ। ਫ਼ਰੀਦਕੋਟ ਸ਼ਹਿਰ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਦਿਵਾਉਣ ਲਈ ਡੰਪ ਲਈ 14 ਏਕੜ ਜ਼ਮੀਨ ਬੀੜ ਚਹਿਲ ਵਿੱਚ ਸਥਾਨਕ ਸਰਕਾਰਾਂ ਵਿਭਾਗ ਨੇ ਖਰੀਦ ਕੇ ਦਿੱਤੀ ਸੀ ਪਰ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਇਹ ਕੂੜਾ ਡੰਪ ਅਜੇ ਤੱਕ ਨਹੀਂ ਚੱਲ ਸਕਿਆ ਅਤੇ ਰਿਆਸਤੀ ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋਇਆ ਪਿਆ ਹੈ। ਸ਼ਹਿਰ ਦੇ 12 ਹਜ਼ਾਰ ਘਰਾਂ ਵਿੱਚੋਂ ਸਿਰਫ਼ 8200 ਘਰਾਂ ਦਾ ਹੀ ਕੂੜਾ ਚੁੱਕਿਆ ਜਾ ਰਿਹਾ ਹੈ। ਦਸ ਸਾਲ ਪਹਿਲਾਂ ਸ਼ੁਰੂ ਕੀਤਾ ਸੀਵਰੇਜ ਪ੍ਰਾਜੈਕਟ ਅਜੇ ਤੱਕ ਸਿਰੇ ਨਹੀਂ ਲੱਗਿਆ। ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਤੇ ਗਲੀ-ਮੁਹੱਲੇ ਸੀਵਰੇਜ ਲਈ ਪੁੱਟੇ ਪਏ ਹਨ। ਕੰਮ ਤੈਅ ਕੀਤੇ ਸਮੇਂ ਵਿੱਚ ਨਾ ਹੋਣ ਕਾਰਨ ਲੋਕਾਂ ਨੂੰ ਆਪਣੀਆਂ ਦੁਕਾਨਾਂ ਤੇ ਕਾਰੋਬਾਰੀ ਇਕਾਈਆਂ ਬੰਦ ਕਰਨੀਆਂ ਪਈਆਂ ਹਨ।
“ਹਲਕੇ ਦੇ ਵਿਕਾਸ ਲਈ 150 ਕਰੋੜ ਰੁਪਏ ਖਰਚੇ ਜਾ ਰਹੇ ਹਨ।” -ਕੁਸ਼ਲਦੀਪ ਸਿੰਘ ਢਿੱਲੋਂ, ਕਾਂਗਰਸ |
“ਵਿਕਾਸ ਕਾਰਜਾਂ ਲਈ ਖਰਚੇ ਪੈਸੇ ਦੀ ਨਿਰਪੱਖ ਜਾਂਚ ਹੋਵੇ।” -ਗੁਰਦਿੱਤ ਸਿੰਘ ਸੇਖੋਂ, ‘ਆਪ’ |
“ਕਾਂਗਰਸ ਨੇ ਪੰਜ ਸਾਲਾਂ ਦੌਰਾਨ ਇੱਕ ਵੀ ਗਿਣਨਯੋਗ ਕੰਮ ਨਹੀਂ ਕੀਤਾ।” -ਪਰਮਬੰਸ ਸਿੰਘ ਬੰਟੀ ਰੋਮਾਣਾ, ਅਕਾਲੀ ਦਲ |