ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 6 ਜੁਲਾਈ
ਸਤਲੁਜ ਦਰਿਆ ਦੇ ਲਾਗਲੇ ਹੜ੍ਹ ਪੀੜਤ ਪਿੰਡਾਂ ਦੇ ਲੋਕਾਂ ਵਲੋਂ ਅੱਜ ਹੜ੍ਹਾਂ ਨਾਲ਼ ਹਰ ਸਾਲ ਹੋ ਰਹੇ ਨੁਕਸਾਨ ਦੀ ਰੋਕਥਾਮ ਲਈ ਕੋਈ ਪ੍ਰਬੰਧ ਨਾ ਹੋਣ ਕਰਕੇ ਅੱਜ ਕਰੀਬ 2 ਘੰਟੇ ਲਈ ਚੰਡੀਗੜ੍ਹ ਊਨਾ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਧਰਨਾ ਮਾਰਿਆ ਗਿਆ। ਇਸ ਧਰਨੇ ’ਚ ਸ਼ਮਿਲ ਨਿੱਕੂਵਾਲ, ਬੱਲੋਵਾਲ, ਲੋਦੀਪੁਰ, ਮਹਿੰਦਲੀ ਕਲਾਂ, ਹਰੀਵਾਲ ਆਦਿ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਵਰ੍ਹੇ ਹੜ੍ਹਾਂ ਨਾਲ਼ ਵੱਡਾ ਨੁਕਸਾਨ ਹੋਣ ਤੋਂ ਬਾਅਦ ਵੀ ਸਰਕਾਰ ਨੇ ਇਸ ਵਰ੍ਹੇ ਲਈ ਕੋਈ ਵੀ ਕਦਮ ਨਹੀਂ ਚੁੱਕੇ ਜਿਸ ਕਰਕੇ ਇਸ ਵਾਰ ਬਰਸਾਤ ਦੀ ਸ਼ੁਰੂਆਤ ਨਾਲ਼ ਹੀ ਲੋਕਾਂ ਦੀਆਂ ਜ਼ਮੀਨਾਂ ਹੜ੍ਹਨੀਆਂ ਸ਼ੁਰੂ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਵਕੀਲ ਦਿਨੇਸ਼ ਚੱਢਾ ਨੇ ਕਿਹਾ ਕਿ ਬਹੁਤ ਹੀ ਸ਼ਰਮਨਾਕ ਹੈ ਕਿ ਸਰਕਾਰੀ ਨੁਮਾਇੰਦੇ ਫ਼ੋਟੋਆਂ ਖਿਚਾ ਕੇ ਚਲੇ ਗਏ ਪਰ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ। ਊਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਤੋਂ ਬਾਅਦ ਜ਼ਿਲ੍ਹੇ ’ਚ ਹੜ੍ਹਾਂ ਤੋਂ ਬਚਾਅ ਲਈ ਬਣੇ ਕਰੀਬ 50 ਕਰੋੜ ਦੇ ਐਸਟੀਮੇਟ ’ਚੋਂ 1 ਰੁਪਇਆ ਵੀ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਅਤੇ ਯੂਥ ਪ੍ਰਧਾਨ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਸਰਕਾਰਾਂ ਲੰਬੇ ਸਮੇਂ ਤੋਂ ਬੰਨ੍ਹ ਪੱਕੇ ਕਰਨ ਦੇ ਸੁਪਨੇ ਦਿਖਾ ਰਹੀਆਂ ਹਨ ਪਰ ਹਕੀਕਤ ’ਚ ਕੁਝ ਵੀ ਨਹੀਂ ਹੋਇਆ। ਇਸ ਮੌਕੇ ਪਿੰਡ ਦੇ ਯੂਥ ਕਲੱਬ ਦੇ ਪ੍ਰਧਾਨ ਜਤਿੰਦਰ ਪਿੰਕਾ, ਸੁਰਿੰਦਰ ਸੈਣੀ, ਤਰਲੋਚਨ ਸਿੰਘ, ਸੂਬੇਦਾਰ ਕਮਲਜੀਤ ਸਿੰਘ, ਹਰਪ੍ਰੀਤ ਸਿੰਘ ਵਿੱਕੀ, ਬਲਦੇਵ ਸਿੰਘ ਨੇ ਐਲਾਨ ਕੀਤਾ ਕਿ ਹਰ ਪਿੰਡ ’ਚੋਂ ਕਮੇਟੀਆਂ ਬਣਾ ਕੇ ਵੱਡਾ ਸੰਘਰਸ਼ ਉਲੀਕਿਆ ਜਾਏਗਾ। ਇਸ ਮੌਕੇ ਕਿਸ਼ਨ ਸਿੰਘ, ਮਨਦੀਪ ਸਿੰਘ, ਜੋਗਰਾਜ, ਡਾ. ਗੁਰਪਾਲ ਸਿੰਘ ਹਰੀਵਾਲ, ਤੇਜਪਾਲ ਸਿੰਘ ਘੱਟੀਵਾਲ, ਸਤਨਾਮ ਸਿੰਘ ਲੋਦੀਪੁਰ, ਅਜਮੇਰ ਸਿੰਘ ਨਿੱਕੂਵਾਲ, ਹਿਤੇਸ਼ ਸ਼ਰਮਾ ਬੱਲੋਵਾਲ, ਪੰਚ ਹਰਮਿੰਦਰ ਸਿੰਘ ਨਿੱਕੂਵਾਲ, ਬਿੱਟੂ ਮਹਿੰਦਲੀ, ਵਿਜੈ ਕੋਟਲਾ, ਪੋਲਾ ਰਾਮ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਐੱਸਡੀਐੱਮ ਨੇ ਭਰੋਸਾ ਦੇ ਕੇ ਚੁਕਵਾਇਆ ਧਰਨਾ
ਮੌਕੇ ’ਤੇ ਪਹੁੰਚੀ ਐੱਸਡੀਐਮ ਅਨੰਦਪੁਰ ਸਾਹਿਬ ਕੰਨੂ ਗਰਗ ਅਤੇ ਤਹਿਸੀਲਦਾਰ ਰਾਮ ਕਿਸ਼ਨ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਪਾਣੀ ਦਾ ਲੈਵਲ ਘਟਾਇਆ ਜਾਵੇਗਾ ਜਿਸ ਉਪਰੰਤ ਹੁਣ ਹੋ ਸਕਣ ਵਾਲੇ ਆਰਜ਼ੀ ਕੰਮ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਇਸ ਖੇਤਰ ’ਚ ਬੰਨ੍ਹ ਮਜ਼ਬੂਤ ਕਰਨ ਲਈ 7 ਕਰੋੜ ਦੇ ਐਸਟੀਮੇਟ ਭੇਜੇ ਗਏ ਸਨ ਪਰ ਸਰਕਾਰ ਵਲੋਂ ਕੋਈ ਵੀ ਪੈਸੇ ਨਾ ਆਉਣ ਕਾਰਨ ਕੰਮ ਨਹੀਂ ਹੋ ਸਕੇ।