ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 31 ਅਗਸਤ
ਨੇੜਲੇ ਪਿੰਡ ਕਾਕੜਾ ਵਿੱਚ ਅੱਜ ਪਿੰਡ ਦੇ ਲੋਕਾਂ ਨੇ ਇਕ ਭਰਵਾਂ ਇਕੱਠ ਕਰਕੇ ਕਰੋਨਾ ਟੈਸਟ ਨਾ ਕਰਾਉਣ ਦਾ ਫੈਸਲਾ ਕਰਦਿਆਂ ਕਿਹਾ ਕਿ ਜੇ ਪਿੰਡ ਦਾ ਕੋਈ ਵੀ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸਨੂੰ ਪ੍ਰਸ਼ਾਸਨ ਦੇ ਹਵਾਲੇ ਵੀ ਨਹੀਂ ਕੀਤਾ ਜਾਵੇਗਾ, ਸਗੋਂ ਉਸਨੂੰ ਘਰ ਵਿਚ ਜਾਂ ਪਿੰਡ ਵਿਚ ਸਾਂਝੀ ਥਾਂ ’ਤੇ ਇਕਾਂਤਵਾਸ ਕੀਤਾ ਜਾਵੇਗਾ। ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਆਉਣ ਵਾਲੇ ਸਮੇਂ ਵਿਚ ਅੰਕੜਿਆਂ ਸਮੇਤ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਦੀ ਭਵਿੱਖਬਾਣੀ ਕਰਨ ਖਿਲਾਫ ਵੀ ਰੋਸ ਪ੍ਰਗਟਾਇਆ। ਇਸੇ ਦੌਰਾਨ ਐਸਡੀਐਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਿਹਾ ਕਿ ਲੋਕ ਸੋਸ਼ਲ ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਗੁੰਮਰਾਹ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਟੀਮਾਂ ਨੂੰ ਸਹਿਯੋਗ ਦੇ ਕੇ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ। ਟੈਸਟ ਨਾਲ ਹੀ ਇਸ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਪਰ ਪਿੰਡ ਵਾਸੀਆਂ ਨੇ ਆਪਣੇ ਫੈਸਲੇ ’ਤੇ ਕਾਇਮ ਰਹਿੰਦਿਆਂ ਕਿਹਾ ਕਿ ਉਹ ਪਿੰਡ ਦੇ ਕਿਸੇ ਵੀ ਮਰੀਜ਼ ਨੂੰ ਕਰੋਨਾ ਇਲਾਜ ਲਈ ਹਸਪਤਾਲ ਵਿੱਚ ਨਹੀਂ ਭੇਜਣਗੇ ਅਤੇ ਜੇ ਪ੍ਰਸਾਸ਼ਨ ਨੇ ਧੱਕੇਸ਼ਾਹੀ ਕੀਤੀ ਤਾਂ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ ।
ਪਿੰਡ ਵਾਸੀਆਂ ਦੇ ਇਸ ਫੈਸਲੇ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ , ਜਿਸ ਕਾਰਨ ਪ੍ਰਸ਼ਾਸਨ ਨੇ ਏਡੀਸੀ ਸੰਗਰੂਰ ਦੇ ਆਉਣ ਦਾ ਐਲਾਨ ਕਰਕੇ ਪਿੰਡ ਦੇ ਲੋਕਾਂ ਦਾ ਦੁਬਾਰਾ ਇਕੱਠ ਕਰ ਲਿਆ, ਪਰੰਤੂ ਏਡੀਸੀ ਸੰਗਰੂਰ ਲੰਬੀ ਉਡੀਕ ਦੇ ਬਾਵਜੂਦ ਪਿੰਡ ਕਾਕੜਾ ਨਾ ਪਹੁੰਚੇ, ਜਿਸ ਤੋਂ ਬਾਅਦ ਲੋਕਾਂ ਨੇ ਰੋਸ ਵਜੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ ਅਤੇ ਪ੍ਰਿਤਪਾਲ ਸਿੰਘ ਕਾਕੜਾ ਨੇ ਕਿਹਾ ਕਿ ਲੋਕਾਂ ਵਿਚ ਰੋਸ ਹੈ ਕਿ ਜਦੋਂ ਸਰਕਾਰ ਵੱਲੋਂ ਅਜੇ ਤੱਕ ਕਰੋਨਾ ਦੀ ਕੋਈ ਦਵਾਈ ਹੀ ਨਹੀਂ ਬਣਾਈ ਗਈ ਫਿਰ ਲੋਕਾਂ ਨੂੰ ਚੁੱਕ-ਚੁੱਕ ਕੇ ਕਿਊਂ ਲਿਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਨੂੰ ਚੁੱਕ ਕੇ ਲਿਜਾਇਆ ਜਾਂਦਾ ਹੈ ਉਸ ਦੀ ਲਾਸ਼ ਹੀ ਵਾਪਸ ਆਉਂਦੀ ਹੈ।