ਅਜੇ ਮਲਹੋਤਰਾ
ਬਸੀ ਪਠਾਣਾ/ਫਤਹਿਗੜ੍ਹ ਸਾਹਿਬ, 21 ਨਵੰਬਰ
ਫਤਹਿਗੜ੍ਹ ਸਾਹਿਬ ਦੀ ਪੁਲੀਸ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਲੋੜੀਂਦੇ ਸਤਿਕਾਰ ਕਮੇਟੀ ਮੈਂਬਰ ਸੁਖਜੀਤ ਸਿੰਘ ਖੋਸਾ ਸਾਥੀਆਂ ਸਮੇਤ ਅੱਜ ਫਿਰ ਗੁਰੂਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਫੇਸਬੁੱਕ ’ਤੇ ਲਾਈਵ ਹੋਏ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਮੀਤ ਮੈਨੇਜਰ ਨੇ ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਤਿਕਾਰ ਕਮੇਟੀ ਮੈਂਬਰ ਸੁਖਜੀਤ ਸਿੰਘ ਖੋਸਾ ਤੇ ਉਸ ਦੇ 2 ਅਣਪਛਾਤੇ ਸਾਥੀਆਂ ਨੇ 13 ਨਵੰਬਰ ਨੂੰ ਦੇਰ ਸ਼ਾਮ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨੇੜੇ ਬਣੀ ਕਬਰ ਨੂੰ ਹਥੌੜਿਆਂ ਨਾਲ ਤੋੜ ਦਿੱਤਾ ਸੀ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਸੁਖਜੀਤ ਸਿੰਘ ਖੋਸਾ ਤੇ 2 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਨੂੰ ਲੋੜੀਂਦੇ ਸੁਖਜੀਤ ਸਿੰਘ ਖੋਸਾ ਨੇ ਅੱਜ ਫਿਰ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਲੰਗਰ ਹਾਲ ਨੇੜੇ ਬਣੀ ਕਬਰ ਕੋਲ ਫੇਸਬੁੱਕ ’ਤੇ ਲਾਈਵ ਹੋ ਕੇ ਵੀਡੀਓ ਅਪਲੋਡ ਕੀਤੀ ਹੈ, ਜਿਸ ਵਿੱਚ ਉਨ੍ਹਾਂ ਤੋੜੀ ਗਈ ਕਬਰ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸ਼੍ਰੋਮਣੀ ਕਮੇਟੀ ਵੱਲੋਂ ਦੁਬਾਰਾ ਉਸਾਰਨ ਦੇ ਦੋਸ਼ ਲਾਏ ਤੇ ਇਸ ਨੂੰ ਸਿੱਖ ਪ੍ਰੰਪਰਾ ਖ਼ਿਲਾਫ਼ ਦੱਸਿਆ। ਗੁੁਰਦੁਆਰਾ ਸਾਹਿਬ ਦੇ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਗੁਰਦੁਆਰਾ ਸਾਹਿਬ ਆਊਣ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਦੀ ਭਿਣਕ ਪੈਂਦਿਆਂ ਹੀ ਊਹ ਉੱਥੋਂ ਖਿਸਕ ਗਏ।