‘ਟਿ੍ਰਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 16 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰੋਨਾ ਕੇਸਾਂ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਕਰਕੇ ਲਗਾਈਆਂ ਪਾਬੰਦੀਆਂ ਨੂੰ 31 ਮਈ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਬੰਦਿਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਦੁਕਾਨਾਂ ਨੂੰ ਪੜਾਅਵਾਰ ਖੋਲ੍ਹਣ ਦਾ ਫ਼ੈਸਲਾ ਡਿਪਟੀ ਕਮਿਸ਼ਨਰਾਂ ਵੱਲੋਂ ਲਿਆ ਜਾਵੇਗਾ ਜਦਕਿ ਪੇਂਡੂ ਇਲਾਕਿਆਂ ਵਿੱਚ ਹੋਰ ਪਾਬੰਦੀਆਂ ਲਾਉਣ ’ਤੇ ਜ਼ੋਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਰੋਨਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਸਥਾਨਕ ਹਾਲਾਤ ਦੇ ਆਧਾਰ ’ਤੇ ਢੁੱਕਵੀਆਂ ਸੋਧਾਂ ਕਰ ਸਕਦੇ ਹਨ, ਬਸ਼ਰਤੇ ਇਹ ਸੋਧਾਂ ਸੂਬੇ ਵਿੱਚ ਸਮੁੱਚੇ ਤੌਰ ’ਤੇ ਲਾਈਆਂ ਪਾਬੰਦੀਆਂ ਨੂੰ ਕਮਜ਼ੋਰ ਨਾ ਕਰਦੀਆਂ ਹੋਣ। ਇਸ ਦੇ ਨਾਲ ਹੀ ਕਰੋਨਾ ਦੀ ਰੋਕਥਾਮ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕੀਤੀ ਜਾਵੇਗੀ। ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਰੋਕਾਂ ਲਾਉਣ ਨਾਲ ਚੰਗੇ ਨਤੀਜੇ ਸਾਹਮਣੇ ਆਏ ਹਨ ਤੇ ਕਰੋਨਾ ਕੇਸਾਂ ਵਿੱਚ ਕੁਝ ਕਮੀ ਆਈ ਹੈ। ਸੂਬੇ ’ਚ ਕਰੋਨਾ ਕੇਸਾਂ ਦੀ ਗਿਣਤੀ 9000 ਤੋਂ ਘਟ ਕੇ 6000 ’ਤੇ ਪਹੁੰਚ ਗਈ ਹੈ। 9 ਤੋਂ 15 ਮਈ ਤੱਕ ਦੇ ਸਮੇਂ ਦੌਰਾਨ ਵੱਧ ਪਾਜ਼ੇਟਿਵਿਟੀ ਦਰ 13.1 ਫ਼ੀਸਦੀ ਅਤੇ ਮ੍ਰਿਤਕ ਦਰ 2.4 ਫ਼ੀਸਦੀ ਰਹਿਣ ਕਾਰਨ ਇਹ ਰੋਕਾਂ ਵਧਾਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਲੁੱਟ ਕਰਨ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਹਸਪਤਾਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਕਰੋਨਾ ਦਵਾਈਆਂ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਪੁਲੀਸ ਨੂੰ ਹਦਾਇਤ ਦਿੱਤੀ ਗਈ। ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਬੰਦਿਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਨਾਲ ਸਬੰਧਤ ਫੰਗਸ ਦੀ ਨਵੀਂ ਬਿਮਾਰੀ ਫੈਲਣ ’ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਬਿਮਾਰੀ ਲਈ ਨਿਗਰਾਨੀ ਵਧਾਉਣ ’ਤੇ ਜ਼ੋਰ ਦਿੱਤਾ, ਜਿਸ ਨਾਲ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਾ ਛੇਤੀ ਇਲਾਜ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਡਾ. ਕੇ.ਕੇ. ਤਲਵਾੜ ਨੇ ਫੰਗਸ ਦੇ ਲਾਗ ਨੂੰ ਗੰਭੀਰ ਮੁੱਦਾ ਦੱਸਿਆ।
ਹਰਿਆਣਾ ’ਚ 24 ਮਈ ਤੱਕ ਲੌਕਡਾਊਨ
ਹਰਿਆਣਾ ਵਿੱਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ 24 ਮਈ ਤੱਕ ਲੌਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸੂਬੇ ਵਿੱਚ ਪਹਿਲਾਂ ਲਗਾਈਆਂ ਪਾਬੰਦੀਆਂ ਜਾਰੀ ਰਹਿਣਗੀਆਂ। ਇਸ ਜਾਣਕਾਰੀ ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਕਰ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਆਦੇਸ਼ 17 ਮਈ ਸਵੇਰੇ 5 ਵਜੇ ਤੋਂ 25 ਮਈ ਸਵੇਰੇ 5 ਵਜੇ ਤੱਕ ਜਾਰੀ ਰਹਿਣਗੇ। ਸੂਬਾ ਸਰਕਾਰ ਵੱਲੋਂ ਲਗਾਈ ਗਈ ਤਾਲਾਬੰਦੀ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ ਜਦਕਿ ਗ਼ੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇਗਾ। ਸੂਬੇ ਵਿੱਚ ਲੋਕਾਂ ਲਈ ਆਵਾਜਾਈ ਵੀ ਬੰਦ ਰਹੇਗੀ।
ਦਿੱਲੀ ’ਚ ਲੌਕਡਾਊਨ ਹਫ਼ਤੇ ਲਈ ਵਧਾਇਆ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸ ਦੀ ਲਾਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਜਾਰੀ ਲੌਕਡਾਊਨ ਨੂੰ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਤੇ ਨਾਲ ਹੀ ਨੇਮਾਂ ਤੇ ਪਾਬੰਦੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਹ ਲੌਕਡਾਊਨ ਉਂਜ ਭਲਕੇ ਸੋਮਵਾਰ ਨੂੰ ਸਵੇਰੇ ਖਤਮ ਹੋਣਾ ਸੀ। ਦਿੱਲੀ ਦੇ ਵਪਾਰੀਆਂ ਵਿੱਚੋਂ ਬਹੁਤਿਆਂ ਨੇ ਲੌਕਡਾਊਨ ਵਧਾਉਣ ਦੇ ਹੱਕ ਵਿੱਚ ਰਾਇ ਦਿੱਤੀ ਸੀ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਜੋ ਪਾਬੰਦੀਆਂ ਪਹਿਲਾਂ ਲੱਗੀਆਂ ਸਨ, ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ। ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੇ ਕਾਰੋਬਾਰੀ ਸਥਾਨ ਬੰਦ ਰਹਿਣਗੇੇ। ਦਿੱਲੀ ਦੇ ਵਪਾਰੀਆਂ ਦੇ ਕਰਵਾਏ ਗਏ ਸਰਵੇਖਣ ਦੌਰਾਨ ਬਹੁਤੇ ਵਪਾਰੀ ਲੌਕਡਾਊਨ ਵਧਾਉਣ ਦੇ ਹੱਕ ਵਿੱਚ ਸਨ ਪਰ ਉਹ ਸਨਅਤੀ ਇਕਾਈਆਂ ਚਲਾਉਣ ਦੀ ਆਗਿਆ ਮੰਗ ਰਹੇ ਸਨ।