ਚਰਨਜੀਤ ਭੁੱਲਰ
ਚੰਡੀਗੜ੍ਹ, 5 ਨਵੰਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਉਨ੍ਹਾਂ ਨੂੰ ‘ਸੇਵਾਮੁਕਤ’ ਹੋਣ ਦੀ ਸਲਾਹ ਦਿੱਤੀ ਹੈ। ਰਾਜਾ ਵੜਿੰਗ ਦਾ ਬਿਆਨ ਕੈਪਟਨ ਵੱਲੋਂ ਸੂਬੇ ਦੇ ਗ੍ਰਹਿ ਮੰਤਰੀ ਨੂੰ ਸੰਬੋਧਨ ਕਰਦਿਆਂ ਸੁਰੱਖਿਆ ਦਾ ਮਾਮਲਾ ਉਠਾਉਣ ਮਗਰੋਂ ਆਇਆ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਸੰਬੋਧਨ ਕਰਦਿਆਂ ਕੌਮੀ ਸੁਰੱਖਿਆ ਦਾ ਮਸਲਾ ਮੁੜ ਉਠਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੀਵਾਲੀ ਮੌਕੇ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਖੇਤਾਂ ਵਿੱਚ ਛੁਪਾ ਕੇ ਰੱਖਿਆ ਟਿਫ਼ਨ ਬੰਬ ਬਰਾਮਦ ਕੀਤੇ ਜਾਣ ਦੀ ਖ਼ਬਰ ਵੀ ਸਾਂਝੀ ਕੀਤੀ ਹੈ। ਅਮਰਿੰਦਰ ਸਿੰਘ ਨੇ ਕਿਹਾ, ‘ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ’ਤੇ ਗ੍ਰਹਿ ਮੰਤਰੀ ਪੰਜਾਬ, ਇਨਕਾਰੀ ਨੀਤੀ ’ਚੋਂ ਬਾਹਰ ਆਉਣਗੇ ਅਤੇ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣਗੇ| ਸਰਹੱਦ ਪਾਰ ਤੋਂ ਲਗਾਤਾਰ ਖੇਪ ਭੇਜੇ ਜਾਣ ਕਰਕੇ, ਇਸ ਚੁਣੌਤੀ ਦੇ ਮੁਕਾਬਲੇ ਕਰਨ ਵਾਸਤੇ ਵਾਧੂ ਚੌਕਸੀ ਤੇ ਵਿਸਥਾਰਤ ਕਾਰਜ ਯੋਜਨਾ ਬਣਾਈ ਜਾਣੀ ਚਾਹੀਦੀ ਹੈ।’
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ‘‘ਹੁਣ ਸੇਵਾਮੁਕਤ ਹੋ ਜਾਓ, ਸਾਡੇ ਨਾਲ ਨਾ ਉਲਝੋ|’’ ਵੜਿੰਗ ਨੇ ਇਹ ਵੀ ਲਿਖਿਆ ਹੈ, ‘‘ਤੁਸੀਂ ਤਾਂ ਸਮਝੌਤਾਵਾਦੀ ਮੁੱਖ ਮੰਤਰੀ ਰਹੇ ਹੋ ਜੋ ਕਾਲੇ ਸਫ਼ੇ ’ਤੇ ਕਾਲੀ ਸਿਆਹੀ ਨਾਲ ਹੀ ਲਿਖਦੇ ਰਹਿ ਗਏ ਜਦਕਿ ਵਾਅਦਾ ਤਾਂ ਚਿੱਟੇ ਸਫ਼ੇ ਤੇ ਕਾਲੇ ਨਾਲ ਲਿਖ ਕੇ ਪੂਰੇ ਕਰਨ ਦਾ ਸੀ ਪਰ ਤੁਸੀਂ ਤਾਂ ਭਾਜਪਾ ਤੇ ਬਾਦਲਾਂ ਨਾਲ ਆਪਣੇ ‘ਕੰਫਰਟ ਜ਼ੋਨ’ ਵਿੱਚੋਂ ਹੀ ਬਾਹਰ ਨਹੀਂ ਆਏ।’’ ਦੱਸਣਯੋਗ ਹੈ ਕਿ ਕਾਂਗਰਸੀ ਵਜ਼ੀਰ ਤੇ ਵਿਧਾਇਕਾਂ ਵੱਲੋਂ ਕੈਪਟਨ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅਮਰਿੰਦਰ ਦੇ ਪਰਛਾਵੇਂ ਗਾਇਬ; ਸੋਸ਼ਲ ਮੀਡੀਏ ’ਤੇ ਘਿਰੇ
ਅਮਰਿੰਦਰ ਸਿੰਘ ਦੀ ਹਮਾਇਤ ਵਿੱਚ ਕੋਈ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਲੋਕ ਵੀ ਚੁੱਪ ਹੀ ਹਨ। ਅਮਰਿੰਦਰ ਸਿੰਘ ਨੇ ਐਤਕੀਂ ਦੂਜੀ ਪਾਰੀ ਮੌਕੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਵੀ ਟਿੱਚ ਕਰਕੇ ਹੀ ਜਾਣਿਆ ਸੀ। ਮਹਿਰਾਜ ਪਿੰਡ ਦੇ ਰਾਜਵੀਰ ਸਿੰਘ ਰਾਜਾ ਮੁਤਾਬਕ ਦੂਸਰੀ ਪਾਰੀ ਦੌਰਾਨ ਤਾਂ ਅਮਰਿੰਦਰ ਨੇ ਮਹਿਰਾਜ ਪਿੰਡ ਨਾਲ ਵੀ ਵਫ਼ਾ ਨਹੀਂ ਕੀਤੀ। ਦੂਜੇ ਪਾਸੇ ਅਮਰਿੰਦਰ ਸਿੰਘ ਦੀ ਸੋਸ਼ਲ ਮੀਡੀਏ ’ਤੇ ਵੀ ਘੇਰਾਬੰਦੀ ਹੋ ਰਹੀ ਹੈ। ਜਦੋਂ ਹੀ ਅਮਰਿੰਦਰ ਸਿੰਘ ਵੱਲੋਂ ਲੋਕ ਪੱਖੀ ਫ਼ੈਸਲਿਆਂ ’ਤੇ ਟਿੱਪਣੀ ਕੀਤੀ ਜਾਂਦੀ ਹੈ, ਉਸ ਨੂੰ ਲੈ ਕੇ ਅਕਸਰ ਲੋਕ ਘੇਰਨ ਲੱਗੇ ਹਨ। ਟਿੱਪਣੀਆਂ ਦੀ ਭਾਸ਼ਾ ਅਤੇ ਤਿੱਖੀ ਸੁਰ ਤੋਂ ਪੰਜਾਬ ਦੇ ਲੋਕਾਂ ਦੇ ਅੰਦਰਲਾ ਦਰਦ ਅਤੇ ਭਾਵਨਾਵਾਂ ਉਜਾਗਰ ਹੁੰਦੀਆਂ ਹਨ। ਸਾਢੇ ਚਾਰ ਸਾਲ ਲੋਕਾਂ ਤੋਂ ਦੂਰੀ ਬਣਾਈ ਰੱਖਣੀ, ਬਾਦਲਾਂ ਨਾਲ ਕਥਿਤ ਫਰੈਂਡਲੀ ਮੈਚ ਖੇਡਣਾ ਅਤੇ ਅਖੀਰ ਵਿੱਚ ਭਾਜਪਾ ਦਾ ਪੱਲਾ ਫੜਨਾ, ਆਦਿ ਨੂੰ ਲੈ ਕੇ ਲੋਕ ਖਫ਼ਾ ਹਨ।