ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਮਾਰਚ
ਇੱਥੇ ਥਾਣਾ ਸਿਟੀ ਪੁਲੀਸ ਨੇ ਪਾਵਰਕੌਮ ਉੱਚ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਸੇਵਾਮੁਕਤ ਕਾਰਜਕਾਰੀ ਲੇਖਾਕਾਰ ਖ਼ਿਲਾਫ਼ ਗਬਨ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਖ਼ਿਲਾਫ਼ 17 ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਮਿਲਣ ਵਾਲੇ ਬਕਾਏ ਅਤੇ ਹੋਰ ਫੰਡਾਂ ’ਚੋਂ 51.34 ਲੱਖ ਰੁਪਏ ਹੜੱਪਣ ਦਾ ਦੋਸ਼ ਸਾਬਤ ਹੋਣ ਮਗਰੋਂ ਕਰੀਬ ਅੱਧੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਗਈ ਹੈ।
ਇਸ ਘਪਲੇ ’ਚੋਂ ਬਚਣ ਲਈ ਪਾਵਰਕੌਮ ਦੇ ਕਈ ਅਧਿਕਾਰੀ ਹੱਥ ਮਾਰ ਰਹੇ ਹਨ। ਪੁਲੀਸ ਮੁਤਾਬਕ ਮੁਲਜ਼ਮ ਸੁਖਜਿੰਦਰ ਸਿੰਘ ਪਾਵਰਕੌਮ ਦੇ ਵਧੀਕ ਨਿਗਰਾਨ ਇੰਜਨੀਅਰ ਨਗਰ ਮੰਡਲ, ਮੋਗਾ ਅਧੀਨ ਬਤੌਰ ਲਾਈਨਮੈਨ ਕੰਮ ਕਰਦਾ ਸੀ। ਉਹ 28 ਅਕਤੂਬਰ 1997 ਤੋਂ 30 ਅਪਰੈਲ 2021 ਤੱਕ ਵਿਭਾਗ ’ਚ ਬਤੌਰ ਕਾਰਜਕਾਰੀ ਲੇਖਾਕਾਰ ਤਾਇਨਾਤ ਰਿਹਾ ਸੀ। ਐੱਫਆਈਆਰ ਮੁਤਾਬਕ ਮੁਲਜ਼ਮ ਨੇ 2015 ਤੋਂ 2019 ਤੱਕ ਤਕਰੀਬਨ 17 ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਮਿਲਣ ਵਾਲੇ ਬਕਾਏ ਤੇ ਹੋਰ ਫੰਡ ਆਪਣੇ, ਆਪਣੀ ਮਾਂ ਹਰਬੰਸ ਕੌਰ, ਪਤਨੀ ਹਰਜੀਤ ਕੌਰ ਗਿੱਲ ਅਤੇ ਹੋਰ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਲਏ। ਪੁਲੀਸ ਜਾਂਚ ਦੌਰਾਨ 51 ਲੱਖ 34 ਹਜ਼ਾਰ ਰੁਪਏ ਦਾ ਘਪਲਾ ਕੀਤੇ ਜਾਣ ਦਾ ਖ਼ੁਲਾਸਾ ਹੋਇਆ ਹੈ। ਐੱਫਆਈਆਰ ਮੁਤਾਬਕ ਮੁਲਜ਼ਮ ਨੇ ਕੇਸ ਦੀ ਪੜਤਾਲ ਦੌਰਾਨ 12 ਅਕਤੂਬਰ 2021 ਨੂੰ 17.50 ਲੱਖ ਅਤੇ 18 ਅਕਤੂਬਰ 2021 ਨੂੰ 7 ਲੱਖ ਰੁਪਏ ਡਰਾਫਟ ਰਾਹੀਂ ਜਮ੍ਹਾਂ ਕਰਵਾ ਦਿੱਤੇ ਸਨ। ਹੁਣ 26 ਲੱਖ 84 ਹਜ਼ਾਰ ਰੁਪਏ ਬਾਕੀ ਹਨ।