ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੁਲਾਈ
ਪੰਜਾਬ ਦੇ ਸੇਵਾ ਮੁਕਤ ਆਈ.ਏ.ਐਸ ਅਧਿਕਾਰੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਹੁਣ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਹ ਅਧਿਕਾਰੀ ਸ਼ੁਰੂ ਤੋਂ ਹੀ ਕਿਸਾਨ ਸੰਘਰਸ਼ ਦੇ ਪੱਖ ’ਚ ਕੁੱਦੇ ਹੋਏ ਹਨ ਅਤੇ ਅੱਜ ਇਨ੍ਹਾਂ ਅਧਿਕਾਰੀਆਂ ਨੇ ਚੰਡੀਗੜ੍ਹ ਵਿਚ ਮੀਟਿੰਗ ਕਰਕੇ ਕਿਸਾਨ ਸੰਸਦ ਦੇ ਇੱਕ ਇਜਲਾਸ ਵਿਚ ਜਾਣ ਦਾ ਐਲਾਨ ਕੀਤਾ। ਅੱਜ ਦੀ ਮੀਟਿੰਗ ਵਿਚ ਫੌਜੀ ਅਧਿਕਾਰੀ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਇਸ ਕਿਸਾਨ ਮੋਰਚੇ ’ਚ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਸਰਧਾਂਜਲੀ ਵੀ ਅਰਪਣ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਦੇਸ਼ ਵਿਚ ਕਿਰਤੀਆਂ ਕਿਸਾਨਾਂ ਸਬੰਧੀ ਪੁਰਾਣੇ ਨਜ਼ਰੀਏ ਨੂੰ ਮੋੜਾ ਦਿੱਤਾ ਹੈ। ਅੱਜ ਮੀਟਿੰਗ ਦੀ ਪ੍ਰਧਾਨਗੀ ਸੇਵਾ ਮੁਕਤ ਅਧਿਕਾਰੀ ਸਵਰਨ ਸਿੰਘ ਬੋਪਾਰਾਏ ਅਤੇ ਰਮੇਸ਼ ਇੰਦਰ ਸਿੰਘ ਨੇ ਕੀਤੀ। ਸਭ ਤੋਂ ਪਹਿਲਾਂ ਮੀਟਿੰਗ ਵਿਚ ਪੰਜਾਬ ਮੰਡੀ ਬੋਰਡ ਦੇ ਸਾਬਕਾ ਪ੍ਰਧਾਨ ਜੁਗਰਾਜ ਸਿੰਘ ਗਿੱਲ ਦੇ ਅਚਾਨਕ ਵਿਛੋੜੇ ਤੇ ਦੁੱਖ ਪ੍ਰਗਟ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿਲੀ ਵਿਚ ਜੰਤਰ ਮੰਤਰ ਵਾਲੀ ਥਾਂ ’ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੀ ਸਲਾਘਾ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਵਿਚ ਸ਼ਾਂਤਮਈ ਅੰਦੋਲਨ ਦਾ ਇਹ ਨਵਾਂ ਰੂਪ ਕਿਰਤੀਆਂ ਕਿਸਾਨਾਂ ਦੇ ਹਿੱਸੇ ਆਇਆ ਹੈ। ਮੀਟਿੰਗ ਵਿਚ ਸਾਬਕਾ ਸੀਨੀਅਰ ਅਧਿਕਾਰੀ ਸਵਰਨ ਸਿੰਘ ਬੋਪਾਰਾਏ, ਗੁਰਪ੍ਰਤਾਪ ਸਿੰਘ ਸਾਹੀ, ਐਮ.ਪੀ.ਐਸ ਔਲਖ, ਆਰ.ਆਈ.ਸਿੰਘ, ਡੀ.ਐਸ.ਬੈਂਸ, ਕੁਲਬੀਰ ਸਿੰਘ ਸਿੱਧੂ, ਇਕਬਾਲ ਸਿੰਘ ਸਿੱਧੂ, ਜੀ.ਕੇ.ਸਿੰਘ, ਹਰਕੇਸ਼ ਸਿੰਘ ਸਿੱਧੂ, ਬ੍ਰਿਗੇਡੀਅਰ ਇੰਦਰ ਮੋਹਨ ਸਿੰਘ , ਬ੍ਰਿਗੇਡੀਅਰ ਹਰਵੰਤ ਸਿੰਘ ਅਤੇ ਜਰਨੈਲ ਸਿੰਘ ਆਦਿ ਸ਼ਾਮਲ ਸਨ। ਮੀਟਿੰਗ ਵਿਚ ਦੁੱਖ ਪ੍ਰਗਟ ਕੀਤਾ ਗਿਆ ਕਿ ਕਿਸਾਨ ਵਿਰੋਧੀ ਅਨਸਰ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਪੱਖ ਵਿਚ ਝੂਠ ਅਤੇ ਕੂੜ ਦਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਆਮ ਲੋਕਾਂ ਵਿਚ ਭਰਮ ਫੈਲਾਇਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤ ਵਿਚ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।