ਕੁਲਦੀਪ ਸਿੰਘ
ਚੰਡੀਗੜ੍ਹ, 2 ਮਈ
ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ, ਚੰਡੀਗੜ੍ਹ ਵਿੱਚ ਸੇਵਾਮੁਕਤ ਹੋ ਚੁੱਕੇ ਬਜ਼ੁਰਗ ਅਫ਼ਸਰ ਸਰਕਾਰ ਜਾਂ ਉੱਚ ਅਧਿਕਾਰੀਆਂ ਦੀ ਮਿਹਰਬਾਨੀ ਸਦਕਾ ਨਿਯਮਾਂ ਦੀਆਂ ਕਥਿਤ ਧੱਜੀਆਂ ਉਡਾ ਕੇ ਬੈਕਡੋਰ ਐਂਟਰੀ ਰਾਹੀਂ ਆਊਟਸੋਰਸਡ ਅਫ਼ਸਰ ਵਜੋਂ ਕੰਮ ਕਰ ਰਹੇ ਅਤੇ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਗਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਅਫ਼ਸਰਾਂ ਨੂੰ ਸੇਵਾਮੁਕਤੀ ਉਪਰੰਤ ਭਰਤੀ ਕਰਨ ਲਈ ਕੋਈ ਇਸ਼ਤਿਹਾਰ ਆਦਿ ਨਹੀਂ ਦਿੱਤੇ ਗਏ।
ਪੀਐੱਸਆਈਈ ਸਟਾਫ਼ ਐਸੋਸੀਏਸ਼ਨ ਨੇ ਨਿਗਮ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਤੋਂ ਵੀ ਨਿਗਮ ਵਿੱਚ ਚੱਲ ਰਹੀਆਂ ਬੇਨਿਯਮੀਆਂ ਵੱਲ ਧਿਆਨ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਹਰਕੇਸ਼ ਰਾਣਾ ਅਤੇ ਜਨਰਲ ਸਕੱਤਰ ਤਾਰਾ ਸਿੰਘ ਨੇ ਪੱਤਰ ਵਿੱਚ ਕਿਹਾ ਕਿ ਨਿਗਮ ਵਿੱਚ ਚੀਫ਼ ਟੈਕਨੀਕਲ ਕੰਸਲਟੈਂਟ ਦੀ ਅਸਾਮੀ ’ਤੇ ਭਰਤੀ ਸੇਵਾਮੁਕਤ ਅਫ਼ਸਰ, ਇੱਕ ਆਈਏਐੱਸ ਅਫ਼ਸਰ ਦੀ ਪਤਨੀ ਨੂੰ ਇੰਪੋਰੀਅਮ ਵਿੱਚ ਸੀਨੀਅਰ ਕੰਸਲਟੈਂਟ ਅਤੇ ਇੱਕ ਹੋਰ ਆਈਏਐੱਸ ਅਫ਼ਸਰ ਨੂੰ ਕੰਸਲਟੈਂਟ ਰੱਖ ਕੇ ਸਰਕਾਰੀ ਖਜ਼ਾਨੇ ਉੱਤੇ ਲੱਖਾਂ ਰੁਪਏ ਦਾ ਬੋਝ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਗਮ ਵਿੱਚੋਂ ਸੇਵਾਮੁਕਤ ਅਫ਼ਸਰ ਤਿੰਨ ਸਾਲਾਂ ਤੋਂ ਨਿਗਮ ਵਿੱਚ ਚੀਫ਼ ਟੈਕਨੀਕਲ ਕੰਸਲਟੈਂਟ ਵਜੋਂ ਕੰਮ ਕਰ ਰਿਹਾ ਹੈ, ਜਿਸ ਦੀ ਉਮਰ ਹੁਣ 73 ਸਾਲ ਹੈ ਜਦੋਂਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਆਊਟਸੋਰਸਿੰਗ ਅਤੇ ਕੰਟਰੈਕਟ ਦੀ ਉਮਰ ਦੀ ਉੱਪਰਲੀ ਸੀਮਾ 65 ਸਾਲ ਦੀ ਹੈ। ਜਿਸ ਐਗਰੀਮੈਂਟ ਰਾਹੀਂ ਇਹ ਅਧਿਕਾਰੀ ਕੰਟਰੈਕਟ ਉਤੇ ਰੱਖਿਆ ਗਿਆ ਹੈ, ਉਸ ਮੁਤਾਬਕ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੀ ਤਨਖਾਹ ਉਤੇ ਰੱਖਿਆ ਗਿਆ ਸੀ ਅਤੇ ਐਗਰੀਮੈਂਟ ਵਿੱਚ ਇੰਕਰੀਮੈਂਟ ਦੀ ਕੋਈ ਵੀ ਸ਼ਰਤ ਨਹੀਂ ਸੀ ਪਰ ਪਿਛਲੇ ਸਾਲਾਂ ਤੋਂ ਉਨ੍ਹਾਂ ਦੀ ਤਨਖ਼ਾਹ ਵਿੱਚ ਹਰ ਸਾਲ 30 ਤੋਂ 35 ਹਜ਼ਾਰ ਰੁਪਏ ਤੱਕ ਦਾ ਸਾਲਾਨਾ ਵਾਧਾ ਹੋ ਰਿਹਾ ਹੈ। ਇੱਕ ਹੋਰ ਸੇਵਾਮੁਕਤ ਆਈਏਐੱਸ ਅਫ਼ਸਰ ਨੂੰ ਵੀ ਬੈਕਡੋਰ ਐਂਟਰੀ ਰਾਹੀਂ ਕੰਸਲਟੈਂਟ ਰੱਖਿਆ ਗਿਆ ਹੈ। ਇਹ ਅਧਿਕਾਰੀ ਕਦੇ ਵੀ ਆਪਣੀ ਡਿਊਟੀ ਨਹੀਂ ਕਰਦਾ ਕਿਉਂਕਿ ਕਿਸੇ ਦੂਜੇ ਸੂਬੇ ਵਿੱਚ ਰਹਿੰਦਾ ਹੈ, ਜਿਸ ਦਿਨ ਇਹ ਅਧਿਕਾਰੀ ਦਫ਼ਤਰ ਆਉਂਦਾ ਹੈ, ਉਸ ਦਿਨ ਦੇ ਹਵਾਈ ਸਫ਼ਰ ਅਤੇ ਹੋਰ ਹਜ਼ਾਰਾਂ ਰੁਪਇਆਂ ਦੇ ਭੱਤਿਆਂ ਰਾਹੀਂ ਨਿਗਮ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਲੋੜ ਪੈਣ ’ਤੇ ਹੀ ਕੀਤੀ ਜਾਂਦੀ ਹੈ ਭਰਤੀ: ਐੱਮਡੀ
ਪੀਐੱਸਆਈਈਸੀ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਅਮਿਤ ਨੇ ਕਿਹਾ ਕਿ ਕਾਰਪੋਰੇਸ਼ਨ ਇੱਕ ਖ਼ੁਦ-ਮੁਖ਼ਤਿਆਰ ਸੰਸਥਾ ਹੈ ਜਿੱਥੇ ਕਿ ਜ਼ਰੂਰਤ ਪੈਣ ’ਤੇ ਹੀ ਭਰਤੀ ਕੀਤੀ ਜਾਂਦੀ ਹੈ। ਕਾਰਪੋਰੇਸ਼ਨ ਵਿੱਚ ਸੇਵਾਮੁਕਤੀ ਉਪਰੰਤ ਭਰਤੀ ਕੀਤੇ ਅਧਿਕਾਰੀਆਂ ਵਿੱਚੋਂ ਪੁਰਾਣੇ ਚੱਲੇ ਆ ਰਹੇ ਸਿਰਫ਼ ਉਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਹੀ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਲੋਕ ਹਿੱਤ ਵਿੱਚ ਲੋੜ ਹੁੰਦੀ ਹੈ ਜਦਕਿ ਬਾਕੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹਟਾ ਦਿੱਤਾ ਜਾਂਦਾ ਹੈ। ਕਾਰਪੋਰੇਸ਼ਨ ਵਿੱਚ ਅਜਿਹੀ ਕੋਈ ਵੀ ਬੇਨਿਯਮੀ ਨਹੀਂ ਹੋ ਰਹੀ।