ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਜੁਲਾਈ
ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਬਹੁ-ਕਰੋੜੀ ਘੁਟਾਲੇ ਦੇ ਮਾਮਲੇ ’ਚ ਗਮਾਡਾ ਦੇ ਸੇਵਾਮੁਕਤ ਪਟਵਾਰੀ ਸੁਰਿੰਦਰਪਾਲ ਸਿੰਘ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਘੁਟਾਲੇ ਸਮੇਂ ਮੁਲਜ਼ਮ ਪਟਵਾਰੀ ਗਮਾਡਾ ਦੇ ਲੈਂਡ ਐਕੁਜ਼ੀਸ਼ਨ ਕੁਲੈਕਟਰ (ਐਲਏਸੀ) ਦੇ ਦਫ਼ਤਰ ਵਿੱਚ ਤਾਇਨਾਤ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਸਬੰਧੀ ਵਿਜੀਲੈਂਸ ਥਾਣਾ ਮੁਹਾਲੀ ’ਚ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਅਨੁਸਾਰ ਸੁਰਿੰਦਰਪਾਲ ਸਿੰਘ ਨੇ ਗਲਤ ਤਰੀਕੇ ਨਾਲ ਅਯੋਗ ਲਾਭਪਾਤਰੀਆਂ ਨੂੰ ਮੁਆਵਜ਼ੇ ਦਾ ਲਾਭ ਦਿਵਾਉਣ ਲਈ ਗਲਤ ਸੂਚਨਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬਾਗ਼ਬਾਨੀ ਵਿਭਾਗ ਨੇ ਮੁਆਵਜ਼ੇ ਦੀ ਵੰਡ ਲਈ ਅਮਰੂਦ ਦੇ ਬੂਟਿਆਂ ਦੀ ਮਾਰਕੀਟ ਕੀਮਤ ਦਰਸਾਉਂਦਿਆਂ ਐਲਏਸੀ ਨੂੰ ਮੁਲਾਂਕਣ ਰਿਪੋਰਟ ਭੇਜੀ ਸੀ ਪਰ ਮਾਲ ਰਿਕਾਰਡ ਅਨੁਸਾਰ ਇਸ ਰਿਪੋਰਟ ਵਿੱਚ ਕੁਝ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦਾ ਹਿੱਸਾ ਸਹੀ ਨਹੀਂ ਦਰਸਾਇਆ ਗਿਆ। ਮੁਲਜ਼ਮ ਪਟਵਾਰੀ ਨੇ ਇਸ ਬਾਰੇ ਇਤਰਾਜ਼ ਉਠਾਉਣ ਦੀ ਥਾਂ ਬਾਗ਼ਬਾਨੀ ਵਿਭਾਗ ਦੀ ਗਲਤ ਰਿਪੋਰਟ ਨੂੰ ਆਧਾਰ ਬਣਾ ਕੇ ਅਨੁਸਾਰ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਸਿਫ਼ਾਰਸ਼ ਕਰ ਦਿੱਤੀ। ਪਟਵਾਰੀ ਦੀ ਸਿਫ਼ਾਰਸ਼ ਦੇ ਆਧਾਰ ’ਤੇ ਨਾਇਬ-ਤਹਿਸੀਲਦਾਰ ਨੇ ਇਹ ਕੇਸ ਤਤਕਾਲੀ ਐੱਲਏਸੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ।