ਸ਼ਗਨ ਕਟਾਰੀਆ
ਬਠਿੰਡਾ, 15 ਜੂਨ
ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਆਪਣੇ ਹਲਕੇ ਤੋਂ ਦੂਰੀ ਦੀ ਲੋਕਾਂ ’ਚ ਚਰਚਾ ਹੈ। ‘ਜਨਤਾ ਕਰਫ਼ਿਊ’ ਵਕਤ ਸ਼ੁਰੂ ਹੋਈ ਇਹ ਵਿੱਥ ਵਕਤ ਦੇ ਨਾਲ ਖਲਾਅ ’ਚ ਤਬਦੀਲ ਹੋ ਰਹੀ ਹੈ। ਹਾਲਾਂਕਿ ਗੁਆਂਢੀ ਹਲਕੇ ਦੇ ਨੁਮਾਇੰਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੋਵਿਡ ਦੀ ਸਿਖ਼ਰ ਮੌਕੇ ਆਪਣੇ ਹਲਕੇ ਬਠਿੰਡਾ ਵਿਚ ‘ਗੇੜੇ ’ਤੇ ਗੇੜਾ’ ਵੱਜਦਾ ਰਿਹਾ। ਸ੍ਰੀ ਬਾਦਲ ਨੇ ਘਰ-ਘਰ ਮੁਹਿੰਮ ਵੀ ਕੀਤੀ। ਵਿੱਤ ਮੰਤਰੀ ਦੇ ਗੇੜੇ ਅਤੇ ਆਪਣੇ ਨੁਮਾਇੰਦੇ ਦੀ ਗ਼ੈਰਹਾਜ਼ਰੀ ਰਾਮਪੁਰਾ ਹਲਕੇ ਦੇ ਲੋਕਾਂ ਨੂੰ ਹੋਰ ਵੀ ਚੁਭਦੀ ਰਹੀ।
ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਸ੍ਰੀ ਕਾਂਗੜ ਸਿਰਫ ਅੱਧੀ ਕੁ ਦਰਜਨ ਵਾਰ ਲੋਕਾਂ ਦੇ ਰੂ-ਬ-ਰੂ ਹੋਏ। ਇਨ੍ਹਾਂ ’ਚੋਂ ਕੈਨਾਲ ਕਲੱਬ ’ਚ ਲੋੜਵੰਦਾਂ ਨੂੰ ਰਾਸ਼ਨ ਵੰਡਣ, ਕਣਕ ਖ਼ਰੀਦ ਦੀ ਸ਼ੁਰੂਆਤੀ ਰਸਮ, ਸਿਵਲ ਹਸਪਤਾਲ ’ਚ ਪੀਪੀਈ ਕਿੱਟਾਂ ਤੇ ਮਾਸਕ ਦੇਣ ਵਰਗੇ ਕੁਝ ਕੁ ਸਮਾਗਮਾਂ ’ਚ ਸ਼ਮੂਲੀਅਤ ਸੀ। ਵੋਟ ਫ਼ਤਵੇ ਨਾਲ ਆਪਣਾ ਪ੍ਰਤੀਨਿਧ ਚੁਣਨ ਵਾਲੇ ਰਾਮਪੁਰਾ ਫੂਲ ਹਲਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵਜ਼ੀਰ ਬਣਨ ਮਗਰੋਂ ਸ੍ਰੀ ਕਾਂਗੜ ਚੰਡੀਗੜ੍ਹ ਦੇ ਹੋ ਕੇ ਰਹਿ ਗਏ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕਰੋਨਾ ਸੰਕਟ ਉਪਜਣ ’ਤੇ ਸ੍ਰੀ ਕਾਂਗੜ ਦੀਆਂ ਹਲਕੇ ’ਚ ਸਰਗਰਮੀਆਂ ਸੁੰਗੜੀਆਂ ਅਤੇ ਦੂਰੀਆਂ ਵਧੀਆਂ ਹਨ।
ਸ੍ਰੀ ਕਾਂਗੜ ਦੀ ਗ਼ੈਰਹਾਜ਼ਰੀ ’ਚ ਹਲਕੇ ਦੀ ਵਾਗਡੋਰ ਸੰਭਾਲਣ ਵਾਲੇ ਪਾਰਟੀ ਦੇ ਮੁਕਾਮੀ ਆਗੂ ਵੀ ਦੱਬਵੀਂ ਸੁਰ ’ਚ ਮੰਨਦੇ ਹਨ ਕਿ ਕਰੋਨਾ ਦੀ ਆਮਦ ਪਿੱਛੋਂ ਮੰਤਰੀ ਜੀ ਦਾ ਜਨਤਕ ਮੇਲ-ਮਿਲਾਪ ਘਟਿਆ ਹੈ। ਉਂਜ ਉਨ੍ਹਾਂ ਕਿਹਾ ਕਿ ਹਲਕੇ ਦੀ ਫ਼ੀਡਬੈਕ ਸ੍ਰੀ ਕਾਂਗੜ ਤੱਕ ਪਹੁੰਚਾਈ ਜਾਂਦੀ ਰਹੀ ਹੈ।
ਇਹ ਦੂਰੀ ਗ਼ੈਰਜਮਹੂਰੀ: ਮਲੂਕਾ
ਰਾਮਪੁਰਾ ਫੂਲ ਹਲਕੇ ਨਾਲ ਸਬੰਧਤ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਕੋਵਿਡ ਦੀ ਸ਼ੁਰੂਆਤ ਪਿੱਛੋਂ ਸ੍ਰੀ ਕਾਂਗੜ ਹਲਕੇ ਵਿੱਚ ਬਿਲਕੁਲ ਹੀ ਨਹੀਂ ਵਿਚਰੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਉਹ ਖੁਦ ਲੋਕਾਂ ਦੇ ਦੁੱਖ-ਸੁੱਖ ’ਚ ਸ਼ਾਮਲ ਹੁੰਦੇ ਆ ਰਹੇ ਹਨ ਪਰ ਸ੍ਰੀ ਕਾਂਗੜ ਵੱਲੋਂ ਘਰ ਆਉਣ ਵਾਲਿਆਂ ਨੂੰ ਵੀ ਮਿਲਣ ਤੋਂ ਪਾਸਾ ਵੱਟਣਾ ਗ਼ੈਰਜਮਹੂਰੀ ਹੈ। ਉਨ੍ਹਾਂ ਤਾਂ ਇੱਥੋਂ ਤੱਕ ਆਖਿਆ ਕਿ ਸ੍ਰੀ ਕਾਂਗੜ ਦੇ ਅਜਿਹੇ ਵਰਤਾਅ ਤੋਂ ਆਮ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰ ਵੀ ਖਾਸੇ ਨਾਰਾਜ਼ ਹਨ।